ਫਾਜ਼ਿਲਕਾ : ਪਹਾੜੀ ਇਲਾਕਿਆਂ ਦੇ ਨਾਲ-ਨਾਲ ਪੰਜਾਬ ਅੰਦਰ ਪਿਛਲੇ 3 ਦਿਨ ਤੋਂ ਲਗਾਤਾਰ ਹੋ ਰਹੀ ਬਰਸਾਤ ਨੇ ਪੂਰੇ ਪੰਜਾਬ ਨੂੰ ਹੜ੍ਹ ਦੀ ਚਪੇਟ ਵਿਚ ਲਿਆ ਹੋਇਆ ਹੈ। ਮਾਝਾ, ਮਾਲਵਾ ਤੇ ਦੋਆਬਾ ਦੇ ਕਈ ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਹਨ। ਕਈ ਥਾਈਂ ਪਾਣੀ ਦੇ ਤੇਜ਼ ਵਹਾਅ ਨੇ ਲੋਕਾਂ ਦੀਆਂ ਫ਼ਸਲਾਂ ਦੇ ਨਾਲ ਘਰ ਵੀ ਤਬਾਹ ਕਰਨੇ ਸ਼ੁਰੂ ਕਰ ਦਿੱਤੇ ਹਨ। ਕਈ ਲੋਕਾਂ ਦੇ ਪਸ਼ੂਆਂ ਦੀ ਜਾਨ ਵੀ ਇਸ ਹੜ੍ਹ ਦੌਰਾਨ ਚਲੀ ਗਈ ਹੈ। ਦੂਜੇ ਪਾਸੇ, ਭਾਰੀ ਮੀਂਹ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸਾਸ਼ਨ ਫਾਜ਼ਿਲਕਾ ਵੱਲੋਂ ਸਰਹੱਦ ਦੇ ਨਾਲ ਲੱਗਦੇ ਸਰਕਾਰੀ/ਮਾਨਤਾ ਪ੍ਰਾਪਤ ਸਕੂਲਾਂ ਨੂੰ 28 ਅਗਸਤ 2025 ਤੱਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਹਰੀਕੇ ਹੈੱਡ ਤੋਂ ਪਾਣੀ ਛੱਡੇ ਜਾਣ ਨਾਲ ਫਾਜ਼ਿਲਕਾ ਸਰਹੱਦ ਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਮੁਹਾਰ ਜਮਸ਼ੇਰ, ਤੇਜਾ ਰੁਹੇਲਾ, ਚੱਕ ਰੁਹੇਲਾ, ਦੋਨਾ ਨਾਨਕਾ, ਢਾਣੀ ਲਾਭ ਸਿੰਘ, ਮਹਾਤਮ ਨਗਰ, ਰਾਮ ਸਿੰਘ ਭੈਣੀ, ਝੰਗੜ ਭੈਣੀ, ਰੇਤੇ ਵਾਲੀ ਭੈਣੀ, ਗੱਟੀ ਨੰਬਰ 1, ਵੱਲੇ ਸ਼ਾਹ ਹਿੱਠਾੜ (ਗੁਲਾਬਾ ਭੈਣੀ), ਢਾਣੀ ਸੱਦਾ ਸਿੰਘ, ਗੁੱਦੜ ਭੈਣੀ, ਘੂਰਕਾ, ਢਾਣੀ ਮੋਹਣਾ ਰਾਮ, ਵੱਲੇ ਸ਼ਾਹ ਉਤਾੜ (ਨੂਰਸ਼ਾਹ) ਦੀਆਂ ਢਾਣੀਆਂ, ਮੁਹਾਰ ਖੀਵਾ, ਮੁਹਾਰ ਸੋਨਾ, ਮੁਹਾਰ ਖੀਵਾ ਭਵਾਨੀ, ਰੇਤੇ ਵਾਲੀ ਢਾਣੀ (ਮੁਹਾਰ ਜਮਸ਼ੇਰ) ਵਿਚ ਪਾਣੀ ਦਾ ਪੱਧਰ ਵੱਧ ਗਿਆ ਹੈ। ਜਿਸ ਨਾਲ ਸੈਂਕੜੇ ਏਕੜ ਫ਼ਸਲ ਤਬਾਹ ਹੋ ਗਈ ਹੈ। ਸਤਲੁਜ ਦਾ ਪਾਣੀ ਇੱਕ ਮਾਤਰ ਭਾਰਤ ਨਾਲ ਇਹਨਾਂ ਪਿੰਡਾਂ ਨੂੰ ਜੋੜਨ ਵਾਲਾ ਪੁੱਲ ਵੀ ਖਤਰੇ ਵਿਚ ਆ ਗਿਆ ਹੈ ਜਿਸ ਨੂੰ ਜੇਸੀਬੀ ਰਾਹੀਂ ਸਾਫ ਕੀਤਾ ਜਾ ਰਿਹਾ ਹੈ, ਤਾਂ ਕਿ ਪੁਲ ਨੂੰ ਕੋਈ ਖਤਰਾ ਨਾ ਹੋ ਸਕੇ ਤੇ ਲੋਕ ਆ ਜਾ ਸਕਣ।
ਬੇਕਾਬੂ ਪਾਣੀ ਨੇ ਲੋਕਾਂ ਨੂੰ ਘਰ ਛੱਡਣ ਲਈ ਕੀਤਾ ਮਜਬੂਰ, ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਹੜ੍ਹ ਪੀੜਤਾਂ ਦੀ ਮਦਦ ਲਈ ਲਗਾਤਾਰ ਕਾਰਜਸ਼ੀਲ
