ਚੰਡੀਗੜ੍ਹ,13 ਜੂਨ (ਦਲਜੀਤ ਸਿੰਘ)-ਕਾਂਗਰਸ ਦੇ ਰਾਜ ਸਭਾ ਮੈਂਬਰ ਅਤੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੋਟਕਪੂਰਾ ਪੁਲਸ ਫਾਇਰਿੰਗ ਮਾਮਲੇ ਵਿਚ ਐੱਸ. ਆਈ. ਟੀ. ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕਰਨਾ ਸਹੀ ਦਿਸ਼ਾ ਵੱਲ ਪੁੱਟਿਆ ਇਕ ਕਦਮ ਦੱਸਿਆ ਹੈ। ਬਾਜਵਾ ਨੇ ਕਿਹਾ ਕਿ ਪਿਛਲੀ ਐੱਸ. ਆਈ. ਟੀ. ਦੀ ਜਾਂਚ ਜਿਸ ਨੂੰ ਮਾਣਯੋਗ ਹਾਈਕੋਰਟ ਨੇ ਰੱਦ ਕਰ ਦਿੱਤਾ ਸੀ, ਨੇ ਬਾਦਲਾਂ ਨੂੰ ਮੁਲਜ਼ਮ ਦੇ ਰੂਪ ਵਿਚ ਨਹੀਂ ਰੱਖਿਆ ਸੀ। ਉਨ੍ਹਾਂ ਕਿਹਾ ਕਿ ਪੁਲਸ ਗੋਲ਼ੀਬਾਰੀ ਵਿਚ ਬਾਦਲ ਦੀ ਭੂਮਿਕਾ ਮੁਲਜ਼ਮ ਦੀ ਹੈ, ਇਹ ਹਰ ਕੋਈ ਜਾਣਦਾ ਹੈ।
ਬਾਜਵਾ ਨੇ ਕਿਹਾ ਕਿ ਮੈਂ ਪਹਿਲਾਂ ਹੀ ਆਖ ਦਿੱਤਾ ਸੀ ਕਿ ਮਾਣਯੋਗ ਹਾਈਕੋਰਟ ਦੇ ਫ਼ੈਸਲੇ ਨੂੰ ਮਾਣਯੋਗ ਸੁਪਰੀਮ ਕੋਰਟ ਵਿਚ ਚੁਣੌਤੀ ਦੇਣ ਦੀ ਬਜਾਏ, ਤੁਰੰਤ ਇਕ ਨਵੀਂ ਐੱਸ. ਆਈ. ਟੀ. ਦਾ ਗਠਨ ਕਰਨਾ ਚਾਹੀਦਾ ਹੈ ਅਤੇ ਜਾਂਚ 30 ਤੋਂ 45 ਦਿਨਾਂ ਵਿਚ ਹੀ ਖ਼ਤਮ ਹੋ ਜਾਣੀ ਚਾਹੀਦੀ ਹੈ, ਜਿਸ ਵਿਚ ਹੁਣ ਤਕ 15 ਦਿਨ ਬੀਤ ਚੁੱਕੇ ਹਨ।
ਬਾਜਵਾ ਨੇ ਆਖਿਆ ਕਿ ਸਮੇਂ ਦੀ ਮੰਗ ਹੈ ਕਿ ਇਸ ਮਾਮਲੇ ਵਿਚ ਨਿਰਪੱਖ ਜਾਂਚ ਕੀਤੀ ਜਾਵੇ, ਜਿਸ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਭੂਮਿਕਾ ਸਾਹਮਣੇ ਲਿਆਂਦੀ ਜਾਵੇ। ਪੁਲਸ ਨੂੰ ਬੇਗੁਨਾਹ ਲੋਕਾਂ ’ਤੇ ਗੋਲ਼ੀ ਚਲਾਉਣ ਦਾ ਹੁਕਮ ਦੇਣ ਵਾਲਿਆਂ ਨੂੰ ਜਾਂਚ ਤੇ ਅਦਾਲਤ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਕ ਮਹੀਨੇ ਵਿਚ ਜਾਂਚ ਪੂਰੀ ਹੋਣ ਤੋਂ ਬਾਅਦ ਫਰੀਦਕੋਟ ਅਦਾਲਤ ਵਿਚ ਰੋਜ਼ਾਨਾ ਸੁਣਵਾਈ ਲਈ ਇਕ ਅਰਜੀ ਵੀ ਦਾਇਰ ਕਰਨੀ ਚਾਹੀਦੀ ਹੈ।