ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਾਗੀ ਧੜੇ ‘ਤੇ ਤਿੱਖੇ ਨਿਸ਼ਾਨੇ ਸਾਧੇ ਗਏ ਹਨ। ਲੈਂਡ ਪਾਲਿਸੀ ਦੇ ਵਿਰੋਧ ਵਿਚ ਦਿੱਤੇ ਗਏ ਧਰਨੇ ਦੌਰਾਨ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ (ਬਾਗੀ ਧੜੇ) ਦੇ ਚੁਣੇ ਗਏ ਨਵੇਂ ਪ੍ਰਧਾਨ ਹਰਪੀਤ ਸਿੰਘ ‘ਤੇ ਖ਼ੂਬ ਤੰਜ ਕਸੇ ਹਨ।
ਉਨ੍ਹਾਂ ਕਿਹਾ ਕਿ ”ਵੱਖਰਾ ਚੁੱਲ੍ਹਾ” ਸਮੇਟਣ ਦਾ ਆਦੇਸ਼ ਦੇਣ ਵਾਲੇ ਗਿਆਨੀ ਹਰਪ੍ਰੀਤ ਸਿੰਘ ਨੇ ਆਪ ਹੀ “ਵੱਖਰਾ ਚੁੱਲ੍ਹਾ” ਬਾਲਿਆ ਹੈ।
ਉਨ੍ਹਾਂ ਕਿਹਾ ਕਿ ਵੱਖਰਾ ਚੁੱਲ੍ਹਾ ਬਾਲ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਅਵੱਗਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਆਪੇ ਹੁਕਮਨਾਮਾ ਕੀਤਾ। ਆਪੇ ਕਿਹਾ ਕਿ ਬਾਗੀ ਚੁੱਲ੍ਹਾ ਸਮੇਟਣ। ਆਪੇ ਹੀ ਭਰਤੀ ਕਮੇਟੀ ਬਣਾਈ। ਆਪੇ ਹੀ ਪਹਿਲੀ ਪਰਚੀ ਕਟਵਾਈ ਅਤੇ ਹੁਣ ਆਪੇ ਹੀ ਨਵਾਂ ਚੁੱਲ੍ਹਾ ਖੋਲ੍ਹ ਕੇ ਪ੍ਰਧਾਨ ਬਣ ਗਿਆ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਰਤ ਕੇ ਪ੍ਰਧਾਨ ਬਣੇ ਹਰਪ੍ਰੀਤ ਸਿੰਘ ਨੂੰ ਜਾਹਲੀ ਦਲ ਦੀ ਪ੍ਰਧਾਨਗੀ ਮੁਬਾਰਕ। ਉਨ੍ਹਾਂ ਕਿਹਾ ਕਿ ਅੱਜ ਇੰਨੀ ਵੱਡੀ ਸਾਜਿਸ਼ ਹੋਈ ਕਿ ਨਿਸ਼ਾਨਾ ਸੀ ਅਕਾਲੀ ਦਲ ਨੂੰ ਖ਼ਤਮ ਕਰਨਾ। ਬੜੇ ਦੁਖ ਨਾਲ ਕਹਿਣਾ ਪੈ ਰਿਹਾ ਹੈ ਕਿ ਹਰਪ੍ਰੀਤ ਸਿੰਘ ਨੇ ਸੁਰਜੀਤ ਰੱਖੜਾ, ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਸਾਰੇ ਬਾਗੀ ਧੜੇ ਨੇ ਕੇਂਦਰ ਨਾਲ ਮਿਲ ਕੇ ਪਲਾਨ ਬਣਾ ਲਿਆ ਕਿ ਜੇਕਰ ਪੰਜਾਬ ‘ਤੇ ਕਾਬਜ ਹੋਣਾ ਹੈ ਤਾਂ ਅਕਾਲੀ ਦਲ ਨੂੰ ਇਕ ਪਾਸੇ ਕਰਨਾ ਹੈ।
