ਖੰਨਾ : ਖੰਨਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਇਕ ਅੰਤਰਰਾਜੀ ਸੁਪਾਰੀ ਕਿਲਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਇੱਕ ਔਰਤ ਸਮੇਤ 10 ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਚਾਰ ਵੱਖ-ਵੱਖ ਜ਼ਿਲ੍ਹਿਆਂ ‘ਚ ਗੋਲੀਬਾਰੀ ਦੇ ਮਾਮਲਿਆਂ ਨੂੰ ਹੱਲ ਕੀਤਾ ਹੈ। ਗਿਰੋਹ ਦੇ ਮੈਂਬਰਾਂ ਤੋਂ ਤਿੰਨ ਪਿਸਤੌਲ, 41 ਕਾਰਤੂਸ ਅਤੇ ਪੰਜ ਮੈਗਜ਼ੀਨ ਬਰਾਮਦ ਕੀਤੇ ਗਏ ਹਨ। ਗਿਰੋਹ ਦੇ ਮੈਂਬਰਾਂ ਦੇ ਅਮਰੀਕਾ ਸਥਿਤ ਗੈਂਗਸਟਰ ਸੋਨੂੰ ਖੱਤਰੀ ਗਿਰੋਹ ਨਾਲ ਸਬੰਧ ਦੱਸੇ ਜਾ ਰਹੇ ਹਨ। ਉਹ ਕੰਟਰੈਕਟ ਲੈ ਕੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਸਨ। ਗਿਰੋਹ ਦੇ ਮੈਂਬਰਾਂ ਨੇ ਮਾਛੀਵਾੜਾ ਸਾਹਿਬ, ਚਮਕੌਰ ਸਾਹਿਬ, ਨਵਾਂਸ਼ਹਿਰ, ਗੁਰਾਇਆ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ। ਖੰਨਾ ਪੁਲਿਸ ਵੱਲੋਂ ਗਿਰੋਹ ਦਾ ਪਰਦਾਫਾਸ਼ ਕਰਨ ਤੋਂ ਬਾਅਦ, ਚਾਰੋਂ ਘਟਨਾਵਾਂ ਦਾ ਪਤਾ ਲਗਾਇਆ ਗਿਆ ਹੈ।
ਹੁਣ ਤਕ ਦੀ ਜਾਂਚ ਵਿਚ ਗਿਰੋਹ ਦਾ ਮੁਖੀ ਤਰਨ ਕਨੋਜੀਆ ਉਰਫ਼ ਕਾਤੀਆ ਸਾਹਮਣੇ ਆਇਆ ਹੈ ਜਿਸਨੂੰ ਅਮਰੀਕਾ ਸਥਿਤ ਸਰਬਜੀਤ ਸਿੰਘ ਉਰਫ਼ ਸਾਬੀ ਨੇ ਮਾਛੀਵਾੜਾ ਸਾਹਿਬ ਦੇ ਚੱਕ ਲੋਹਟ ‘ਚ ਰਹਿਣ ਵਾਲੇ ਇਕ ਪਰਿਵਾਰ ਨੂੰ ਮਾਰਨ ਲਈ ਕੰਟਰੈਕਟ ਦਿੱਤਾ ਸੀ। ਐੱਸਐੱਸਪੀ ਖੰਨਾ ਡਾ. ਜੋਤੀ ਯਾਦਵ ਬੈਂਸ ਨੇ ਦੱਸਿਆ ਕਿ 29 ਜੁਲਾਈ ਨੂੰ ਸਮਰਾਲਾ ਤਹਿਸੀਲ ਦੇ ਪਿੰਡ ਚੱਕ ਲੋਹਟ ‘ਚ ਇਕ ਘਰ ਵਿਚ ਦਿਨ-ਦਿਹਾੜੇ ਗੋਲੀਬਾਰੀ ਕੀਤੀ ਗਈ ਸੀ, ਜਿਸ ਵਿਚ ਇਕ ਨੌਜਵਾਨ 6 ਗੋਲੀਆਂ ਲੱਗਣ ਤੋਂ ਬਾਅਦ ਗੰਭੀਰ ਜ਼ਖ਼ਮੀ ਹੋ ਗਿਆ ਸੀ। ਜਦੋਂ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਤਾਂ ਗਿਰੋਹ ਦਾ ਪਰਦਾਫਾਸ਼ ਹੋਇਆ।
ਗੈਂਗਸਟਰ ਸੋਨੂੰ ਖੱਤਰੀ ਗਿਰੋਹ ਨਾਲ ਸਬੰਧਿਤ ਸੁਪਾਰੀ ਕਿਲਰ ਗਿਰੋਹ ਦਾ ਪਰਦਾਫਾਸ਼, ਇਕ ਔਰਤ ਸਮੇਤ 10 ਕਾਬੂ
