ਚੰਡੀਗੜ੍ਹ : ਪੰਜਾਬ ਪਵਿੱਤਰ ਗ੍ਰੰਥਾਂ ਖ਼ਿਲਾਫ਼ ਅਪਰਾਧ ਦੀ ਰੋਕਥਾਮ ਬਿੱਲ-2025 ‘ਤੇ ਚਰਚਾ ਕਰਨ ਲਈ ਸਿਲੈਕਟ ਕਮੇਟੀ ਦੀ ਅੱਜ ਤੀਜੀ ਬੈਠਕ ’ਚ ਇਹ ਫ਼ੈਸਲਾ ਕੀਤਾ ਗਿਆ ਕਿ ਇਸ ਬਿੱਲ ‘ਤੇ ਹੋਰ ਸੁਝਾਅ ਲੈਣ ਲਈ ਅਖ਼ਬਾਰਾਂ ’ਚ ਇਕ ਵਾਰੀ ਫਿਰ ਵਿਗਿਆਪਨ ਦਿੱਤਾ ਜਾਵੇਗਾ। ਹਾਲਾਂਕਿ ਪਿਛਲੇ ਮੰਗਲਵਾਰ ਨੂੰ ਹੋਈ ਬੈਠਕ ਦੇ ਬਾਅਦ ਅਖ਼ਬਾਰਾਂ ’ਚ ਇਸ਼ਤਿਹਾਰ ਦੇ ਕੇ ਇਸ ਬਿੱਲ ’ਤੇ ਸੁਝਾਅ ਲਈ ਗਏ ਸਨ ਅਤੇ ਵਿਧਾਨ ਸਭਾ ਦਫ਼ਤਰ ਨੇ ਕਮੇਟੀ ਨੂੰ ਦੱਸਿਆ ਕਿ ਲਗਪਗ 120 ਤੋਂ ਵੱਧ ਪੱਤਰ ਤੇ ਵ੍ਹਟਸਐਪ ਮੈਸੇਜ ‘ਤੇ ਸੁਝਾਅ ਆਏ ਹਨ।
ਸਿਲੈਕਟ ਕਮੇਟੀ ਦੇ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਸੁਝਾਅ ਦਾ ਅਧਿਐਨ ਕੀਤਾ ਜਾ ਰਿਹਾ ਹੈ, ਜਿਸ ’ਚ ਸਾਰਿਆਂ ਦੀ ਰਾਏ ਵੱਖ-ਵੱਖ ਹੈ। ਉਦਾਹਰਨ ਵਜੋਂ, ਕੁਝ ਲੋਕ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਲਈ ਮੌਤ ਦੀ ਸਜ਼ਾ ਦੀ ਵਿਵਸਥਾ ਕਰਨ ਦੀ ਮੰਗ ਕਰ ਰਹੇ ਹਨ, ਜਦਕਿ ਕੁਝ ਦਾ ਕਹਿਣਾ ਹੈ ਕਿ ਜ਼ਿਆਦਾ ਸਖ਼ਤ ਸਜ਼ਾ ਦੇਣ ‘ਤੇ ਇਸ ਕਾਨੂੰਨ ਦੀ ਗ਼ਲਤ ਵਰਤੋਂ ਹੋ ਸਕਦੀ ਹੈ। ਇਸ ਲਈ ਸਜ਼ਾ ਅਜਿਹੀ ਹੋਣੀ ਚਾਹੀਦੀ ਹੈ ਕਿ ਉਹ ਸਖ਼ਤ ਵੀ ਹੋਵੇ ਤੇ ਲੋਕਾਂ ਦੇ ਮਨ ’ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਦਾ ਡਰ ਵੀ ਰਹੇ।
