ਨਵੀਂ ਦਿੱਲੀ : Lakshya Sen : ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ਿਆ ਸੇਨ ਨੂੰ ਉਮਰ ਧੋਖਾਧੜੀ ਦੇ ਮਾਮਲੇ ‘ਚ ਵੱਡੀ ਰਾਹਤ ਮਿਲ ਗਈ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ-ਕੋਚ ਖ਼ਿਲਾਫ਼ ਦਰਜ ਕੀਤੀ ਗਈ FIR ਨੂੰ ਰੱਦ ਕਰ ਦਿੱਤਾ ਹੈ।
ਸੁਪਰੀਮ ਕੋਰਟ ਦੇ ਜਸਟਿਸ ਸੁਧਾਂਸ਼ੂ ਧੂਲੀਆ ਤੇ ਜਸਟਿਸ ਅਰਵਿੰਦ ਕੁਮਾਰ ਦੀ ਬੈਂਚ ਨੇ ਇਹ ਫੈਸਲਾ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਬੈਡਮਿੰਟਨ ਖਿਡਾਰੀ ਲਕਸ਼ਿਆ ਸੇਨ ਖ਼ਿਲਾਫ਼ ਚੱਲ ਰਹੀ ਆਪਰਾਧਿਕ ਕਾਰਵਾਈ ਗਲਤ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਹ ਅਦਾਲਤ ਦੀ ਪ੍ਰਕਿਰਿਆ ਦਾ ਦੁਰਪਯੋਗ ਹੈ।
ਇਸ ਤੋਂ ਪਹਿਲਾਂ, ਹਾਈ ਕੋਰਟ ਨੇ ਕਰਨਾਟਕ ਸਰਕਾਰ ਅਤੇ ਸ਼ਿਕਾਇਤਕਰਤਾ ਐਮਜੀ ਨਾਗਰਾਜ ਨੂੰ ਨੋਟਿਸ ਜਾਰੀ ਕੀਤਾ ਸੀ। ਨਾਗਰਾਜ ਨੇ ਇਹ ਦੋਸ਼ ਲਗਾਇਆ ਸੀ ਕਿ ਲਕਸ਼ਿਆ ਸੇਨ ਅਤੇ ਉਨ੍ਹਾਂ ਦੇ ਭਰਾ ਚਿਰਾਗ ਸੇਨ ਦੇ ਜਨਮ ਪ੍ਰਮਾਣ ਪੱਤਰ ਫਰਜ਼ੀ ਹਨ।
ਲਕਸ਼ਿਆ ਸੇਨ ਨੂੰ ਉਮਰ ਧੋਖਾਧੜੀ ਵਿਵਾਦ ‘ਚ ਵੱਡੀ ਰਾਹਤ
ਅਸਲ ਵਿੱਚ, ਨਿਊਜ਼ ਏਜੰਸੀ PTI ਅਨੁਸਾਰ, ਸੁਪਰੀਮ ਕੋਰਟ ਇਹ ਪਟੀਸ਼ਨ ਉਸ ਫੈਸਲੇ ਦੇ ਖ਼ਿਲਾਫ਼ ਸੁਣ ਰਹੀ ਸੀ ਜਿਸ ਵਿਚ ਕਰਨਾਟਕ ਹਾਈ ਕੋਰਟ ਨੇ 19 ਫਰਵਰੀ ਨੂੰ ਲਕਸ਼ਿਆ ਸੇਨ ਦੇ ਪਰਿਵਾਰ, ਉਨ੍ਹਾਂ ਦੇ ਕੋਚ ਯੂ ਵਿਮਲ ਕੁਮਾਰ ਤੇ ਹੋਰਨਾ ਦੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਸਨ। ਹਾਈ ਕੋਰਟ ਨੇ ਕਿਹਾ ਸੀ ਕਿ ਇਸ ਮਾਮਲੇ ‘ਚ ਪਹਿਲੀ ਨਜ਼ਰ ਤੋਂ ਜਾਂਚ ਦੀ ਲੋੜ ਹੈ।
