ਗੈਂਗਸਟਰ ਗੋਲਡੀ ਬਰਾੜ ਬਣ ਕੇ ਫਿਰੌਤੀ ਮੰਗਣ ਵਾਲਾ 1 ਗ੍ਰਿਫ਼ਤਾਰ, ਅਧਿਆਪਕ ਤੋਂ ਮੰਗੇ ਸੀ 5 ਲੱਖ ਰੁਪਏ

, ਸ੍ਰੀ ਮੁਕਤਸਰ ਸਾਹਿਬ : ਗੈਂਗਸਟਰ ਗੋਲਡੀ ਬਰਾੜ ਬਣ ਕੇ ਇਕ ਅਧਿਆਪਕ ਤੋਂ 5 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਇਕ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਲ੍ਹਾ ਪੁਲਿਸ ਮੁੱਖੀ ਡਾ. ਅਖਿਲ ਚੌਧਰੀ ਸ੍ਰੀ ਮੁਕਤਸਰ ਸਾਹਿਬ ਦੀਆਂ ਸਖਤ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਅਧੀਨ ਜ਼ਿਲ੍ਹੇ ’ਚ ਚੱਲ ਰਹੀ ਨਿਰੰਤਰ ਮੁਹਿੰਮ ਦੌਰਾਨ ਗੰਭੀਰ ਮਾਮਲੇ ’ਚ ਪੁਲਿਸ ਨੇ ਆਪਣੇ ਆਪ ਨੂੰ ਗੈਂਗਸਟਰ ਗੋਲਡੀ ਬਰਾੜ ਦੱਸ ਕੇ ਫਿਰੌਤੀ ਮੰਗਣ ਵਾਲੇ ਨੌਜਵਾਨ ਨੂੰ 24 ਘੰਟਿਆਂ ਅੰਦਰ ਕਾਬੂ ਕਰ ਲਿਆ ਹੈ।
ਇਹ ਕਾਰਵਾਈ ਮਨਮੀਤ ਸਿੰਘ ਕਪਤਾਨ ਪੁਲਿਸ (ਡੀ), ਸ੍ਰੀ ਮੁਕਤਸਰ ਸਾਹਿਬ ਅਤੇ ਇਕਬਾਲ ਸਿੰਘ ਸੰਧੂ , ਉਪ ਕਪਤਾਨ ਪੁਲਿਸ (ਸਬ ਡਿਵੀਜਨ.) ਮਲੋਟ ਦੀ ਨਿਗਰਾਨੀ ਹੇਠ ਐਸਐਚਓ ਲੱਖੇਵਾਲੀ ਐਸਆਈ ਦਰਸ਼ਨ ਸਿੰਘ ਅਤੇ ਪੁਲਿਸ ਟੀਮ ਵੱਲੋਂ ਕੀਤੀ ਗਈ। ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਪੁੱਤਰ ਸਮਸੇਰ ਸਿੰਘ ਵਾਸੀ ਪਿੰਡ ਨੰਦਗੜ ਸਰਕਾਰੀ ਹਾਈ ਸਕੂਲ ਲੱਕੜਵਾਲਾ ’ਚ ਅਧਿਆਪਕ ਵਜੋਂ ਤਾਇਨਾਤ ਹੈ ਨੇ ਪੁਲਿਸ ਨੂੰ ਲਿਖਤੀ ਦਰਖਾਸਤ ਦੇ ਕੇ ਦੱਸਿਆ ਕਿ ਮਿਤੀ 23-07-2025 ਨੂੰ ਸਵੇਰੇ ਉਸਦੇ ਮੋਬਾਈਲ ਤੇ ਇੱਕ ਅਣਜਾਣ ਵਿਦੇਸ਼ੀ ਨੰਬਰ ਤੋਂ ਫੋਨ ਆਇਆ, ਜਿਸ ’ਚ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਗੋਲਡੀ ਬਰਾੜ, ਕੈਨੇਡਾ (ਸਰੀ) ਤੋਂ ਦੱਸ ਕੇ 5 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ।

ਉਕਤ ਕਾਲ ਨੂੰ ਨਾ ਸੁਨਣ ਤੇ ਪਰਮਿੰਦਰ ਸਿੰਘ ਨੂੰ ਇਕ ਹੋਰ ਨੰਬਰ ਤੋਂ ਧਮਕੀ ਭਰੇ ਲਿਖਤੀ ਸੰਦੇਸ਼ ਵੀ ਭੇਜੇ ਗਏ, ਜਿਸ ’ਚ ਕਿਹਾ ਗਿਆ ਕਿ ਜੇਕਰ ਫਿਰੌਤੀ ਨਾ ਦਿੱਤੀ ਗਈ ਤਾਂ ਭਿਆਨਕ ਨਤੀਜਿਆਂ ਲਈ ਤਿਆਰ ਰਹੋ। ਉਕਤ ਲਿਖਤੀ ਦਰਖਾਸਤ ਮੌਸੂਲ ਹੋਣ ’ਤੇ ਤੁਰੰਤ ਕਾਰਵਾਈ ਕਰਦਿਆਂ ਮਿਤੀ 24-07-2025 ਨੂੰ ਥਾਣਾ ਲੱਖੇਵਾਲੀ ਵਿਖੇ ਮੁਕੱਦਮਾ ਨੰਬਰ 56 ਅਧੀਨ ਧਾਰਾ 308(4), 351 ਬੀਐਨਐਸ ਅਧੀਨ ਦਰਜ ਕਰਕੇ, ਤਫਤੀਸ਼ ਸ਼ੁਰੂ ਕੀਤੀ ਗਈ। ਪੁਲਿਸ ਵੱਲੋਂ ਤੁਰੰਤ ਅਗਲੇਰੀ ਕਾਰਵਾਈ ਕਰਦੇ ਹੋਏ 24 ਘੰਟਿਆਂ ਦੇ ਅੰਦਰ-ਅੰਦਰ ਮੁਕੱਦਮਾ ਦੇ ਮੁਲਜ਼ਮ ਨੂੰ ਪਿੰਡ ਲੱਕੜਵਾਲਾ ਤੋਂ ਗ੍ਰਿਫਤਾਰ ਕਰ ਲਿਆ ਗਿਆ। ਪੁਛਗਿੱਛ ਦੌਰਾਨ ਮੁਲਜ਼ਮ ਨੇ ਸਵੀਕਾਰਿਆ ਕਿ ਉਸਨੂੰ ਬੇਰੁਜ਼ਗਾਰੀ ਕਾਰਨ ਪੈਸਿਆਂ ਦੀ ਜਰੂਰਤ ਸੀ ਜਿਸ ਕਰਕੇ ਉਸਨੇ ਗੈਂਗਸਟਰ ਬਣ ਕੇ ਫਿਰੌਤੀ ਦੀ ਮੰਗ ਕੀਤੀ।

Leave a Reply

Your email address will not be published. Required fields are marked *