ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ (Kuldeep Singh Gargajj) ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਪੰਜਾਬ ਸਰਕਾਰ ਵੱਲੋਂ ਐਲਾਨੇ ਗਏ ਸਮਾਗਮਾਂ ਬਾਰੇ ਕਿਹਾ ਕਿ ਸ਼ਤਾਬਦੀਆਂ ਮਨਾਉਣਾ ਖ਼ਾਲਸਾ ਪੰਥ ਦਾ ਕਾਰਜ ਹੈ ਅਤੇ ਸਰਕਾਰਾਂ ਨੂੰ ਆਪਣੀ ਬਣਦੀ ਜਿੰਮੇਵਾਰੀ ਨਿਭਾਉਂਦਿਆਂ ਸੰਗਤ ਲਈ ਸਹੂਲਤਾਂ ਅਤੇ ਲੋੜੀਂਦੇ ਪ੍ਰਬੰਧ ਕਰਨ ਵਿੱਚ ਸਹਿਯੋਗੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਵੱਲੋਂ ਉਲੀਕੇ ਗਏ ਸਮਾਗਮਾਂ ਉੱਤੇ ਵਾਜਬ ਇਤਰਾਜ਼ ਪ੍ਰਗਟ ਕੀਤਾ ਹੈ। ਇਨ੍ਹਾਂ ਸਮਾਗਮਾਂ ਲਈ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਦੇ ਨਾਲ ਸਹਿਯੋਗ ਕਾਰਜ ਕਰਨਾ ਚਾਹੀਦਾ ਹੈ ਅਤੇ ਜਿਹੜੀਆਂ ਤਰੀਕਾਂ ਵਿੱਚ ਸਿੱਖ ਸੰਸਥਾ ਵੱਲੋਂ ਸਮਾਗਮ ਉਲੀਕੇ ਜਾ ਚੁੱਕੇ ਹਨ, ਉਨ੍ਹਾਂ ਤਰੀਕਾਂ ਉੱਤੇ ਬਰਾਬਰ ਵੱਖਰੇ ਸਮਾਗਮ ਅਤੇ ਨਗਰ ਕੀਰਤਨ ਨਹੀਂ ਰੱਖਣੇ ਚਾਹੀਦੇ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵੀ ਸ਼ਤਾਬਦੀਆਂ ਸਿੱਖ ਸੰਸਥਾਵਾਂ ਤੇ ਖ਼ਾਲਸਾ ਪੰਥ ਵੱਲੋਂ ਮਨਾਈਆਂ ਜਾਂਦੀਆਂ ਰਹੀਆਂ ਹਨ ਅਤੇ ਸਰਕਾਰਾਂ ਨੇ ਹਮੇਸ਼ਾ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਇਸ ਗੱਲ ਦਾ ਸਵਾਗਤ ਕਰਨਗੇ ਜੇਕਰ ਸਰਕਾਰ ਸਹਿਯੋਗੀ ਬਣਕੇ ਕਾਰਜ ਕਰੇ ਅਤੇ ਸਰਕਾਰ ਦੇ ਆਗੂਆਂ ਨੂੰ ਵੀ ਸਮਾਗਮਾਂ ਲਈ ਸੱਦਿਆ ਗਿਆ ਹੈ, ਉਨ੍ਹਾਂ ਦਾ ਵੀ ਸੁਆਗਤ ਹੈ। ਜਥੇਦਾਰ ਗੜਗੱਜ ਨੇ ਕਿਹਾ ਕੀ ਸ਼ਤਾਬਦੀਆਂ ਮਨਾਉਣ ਤੋਂ ਪਹਿਲਾਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਸਾਬਤ ਸੂਰਤ ਹੋਣ ।
ਜਥੇਦਾਰ ਗੜਗੱਜ ਦੀ CM Mann ਨੂੰ ਸਲਾਹ- ਸ਼ਤਾਬਦੀਆਂ ਦੇ ਸਮਾਗਮ ਮਨਾਉਣ ਤੋਂ ਪਹਿਲਾਂ ਸਾਬਤ ਸੂਰਤ ਹੋਣ
