ਡੇਢ ਕਿੱਲੋ ਤੋਂ ਵੱਧ ਚਿੱਟੇ ਤੇ ਹਥਿਆਰ ਸਣੇ ਫੜੇ ਗਏ 3 ਮੁਲਜ਼ਮ! ਸੰਗਰੂਰ ਪੁਲਸ ਵੱਲੋਂ ਡਰੱਗਜ਼ ਰੈਕੇਟ ਦਾ ਪਰਦਾਫ਼ਾਸ਼

ਸੰਗਰੂਰ – ਜ਼ਿਲ੍ਹਾ ਪੁਲਸ ਸੰਗਰੂਰ ਵੱਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਅਧੀਨ ਵੱਡੀ ਸਫਲਤਾ ਹਾਸਲ ਕਰਦਿਆਂ ਨਸ਼ਾ ਸਪਲਾਈ ਕਰਦੇ ਇੱਕ ਗੈਂਗ ਦਾ ਭੰਡਾਫੋੜ ਕੀਤਾ ਗਿਆ ਹੈ। ਪੁਲਸ ਨੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 1 ਕਿੱਲੋ 625 ਗ੍ਰਾਮ ਹੈਰੋਇਨ, 3 ਪਿਸਟਲ .32 ਬੋਰ, 2 ਦੇਸੀ ਕੱਟੇ 12 ਬੋਰ, 13 ਜਿੰਦੇ ਰੌਂਦ ਅਤੇ 12 ਮੋਬਾਇਲ ਫੋਨ ਬਰਾਮਦ ਕੀਤੇ ਹਨ। ਐੱਸ.ਐੱਸ.ਪੀ ਸਰਤਾਜ ਸਿੰਘ ਚਾਹਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਨਿਗਮ ਉਰਫ ਲੱਕੀ, ਗੁਰਪ੍ਰੀਤ ਸਿੰਘ ਉਰਫ ਭੌਰ, ਜਸਪਾਲ ਸਿੰਘ ਉਰਫ ਬਿੱਲਾ ਅਤੇ ਸਤਨਾਮ ਸਿੰਘ ਉਰਫ ਸੱਤਾ ਦੇ ਵਿਰੁੱਧ ਕਈ ਮਾਮਲੇ ਦਰਜ ਕੀਤੇ ਗਏ ਹਨ। ਨਿਗਮ ਉਰਫ ਲੱਕੀ ਨੂੰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਪੁੱਛਗਿੱਛ ਕੀਤੀ ਗਈ, ਜਿਸ ਦੌਰਾਨ ਹੋਰ ਦੋਸ਼ੀਆਂ ਦੇ ਨਾਂ ਸਾਹਮਣੇ ਆਏ।

ਥਾਣਾ ਸਦਰ ਧੂਰੀ ਵਿਖੇ 9 ਅਪ੍ਰੈਲ 2025 ਨੂੰ ਮੁਕੱਦਮਾ ਨੰਬਰ 69 ਤਹਿਤ ਨਿਗਮ ਉਰਫ ਲੱਕੀ ਅਤੇ ਗੁਰਪ੍ਰੀਤ ਸਿੰਘ ਉਰਫ ਭੌਰ ਉੱਤੇ ਐੱਨ.ਡੀ.ਪੀ.ਐੱਸ. ਐਕਟ, ਅਸਲਾ ਐਕਟ ਅਤੇ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ। ਇਸ ਦੌਰਾਨ 125 ਗ੍ਰਾਮ ਚਿੱਟਾ, 1 ਪਿਸਟਲ ਅਤੇ 4 ਮੋਬਾਇਲ ਫੋਨ ਬਰਾਮਦ ਹੋਏ। ਦਵਿੰਦਰ ਅੱਤਰੀ (ਕਪਤਾਨ ਇਨਵੈਸਟੀਗੇਸ਼ਨ) ਅਤੇ ਉਪ ਕਪਤਾਨ ਦਲਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਇੰਸਪੈਕਟਰ ਸੰਦੀਪ ਸਿੰਘ, ਇੰਸਪੈਕਟਰ ਕਰਨਵੀਰ ਸਿੰਘ ਅਤੇ ਪੁਲਿਸ ਪਾਰਟੀਆਂ ਨੇ ਵੱਖ-ਵੱਖ ਥਾਵਾਂ ‘ਤੇ ਛਾਪੇ ਮਾਰੇ। ਜਸਪਾਲ ਸਿੰਘ ਉਰਫ ਬਿੱਲਾ ਤੋਂ 2 ਪਿਸਟਲ .32 ਬੋਰ ਅਤੇ ਹੋਰ ਚਿੱਟਾ ਬਰਾਮਦ ਹੋਇਆ।

Leave a Reply

Your email address will not be published. Required fields are marked *