ਚੰਡੀਗੜ੍ਹ : ਪੀਜੀਆਈ ਨੇ ਨਵਾਂ ਮੀਲ ਪੱਥਰ ਕਾਇਮ ਕੀਤਾ ਹੈ। ਭਾਰਤ ਵਿੱਚ ਪਹਿਲੀ ਵਾਰ ਰੋਬੋਟ ਦੀ ਮਦਦ ਨਾਲ ਵਾਸੋਵਸੋਟੋਮੀ ਸਰਜਰੀ ਕੀਤੀ ਗਈ ਹੈ। ਇਹ ਸਰਜਰੀ ਬੁੱਧਵਾਰ ਨੂੰ 43 ਸਾਲਾ ਪੁਰਸ਼ ’ਤੇ ਕੀਤੀ ਗਈ, ਜਿਸ ਨੇ ਪਹਿਲਾਂ ਨਸਬੰਦੀ ਕਰਵਾਈ ਹੋਈ ਸੀ ਅਤੇ ਹੁਣ ਦੁਬਾਰਾ ਪਿਤਾ ਬਣਨ ਦੀ ਇੱਛਾ ਰੱਖਦਾ ਸੀ। ਇਹ ਖਾਸ ਸਰਜਰੀ ਯੂਰੋਲੋਜੀ ਵਿਭਾਗ ਦੇ ਡਾਕਟਰ ਆਦਿੱਤਿਆ ਪ੍ਰਕਾਸ਼ ਸ਼ਰਮਾ, ਡਾਕਟਰ ਗਿਰਧਰ ਬੋਰਾ ਅਤੇ ਪ੍ਰੋਫੈਸਰ ਰਵੀ ਮੋਹਨ ਨੇ ਮਿਲ ਕੇ ਸਫਲਤਾਪੂਰਵਕ ਕੀਤੀ। ਇਸ ਪ੍ਰਕਿਰਿਆ ਵਿਚ ‘ਦਾ ਵਿੰਚੀ ਸਰਜੀਕਲ ਸਿਸਟਮ’ ਨਾਂ ਦੀ ਆਧੁਨਿਕ ਰੋਬੋਟਿਕ ਤਕਨਾਲੋਜੀ ਦੀ ਵਰਤੋਂ ਕੀਤੀ ਗਈ, ਜੋ ਰਵਾਇਤੀ ਢੰਗ ਨਾਲੋਂ ਕਈ ਗੁਣਾ ਵਧੀਆ ਅਤੇ ਸਟੀਕ ਮੰਨੀ ਜਾਂਦੀ ਹੈ।
ਡਾ. ਸ਼ਰਮਾ ਨੇ ਦੱਸਿਆ ਕਿ ਰੋਬੋਟਿਕ ਤਕਨਾਲੋਜੀ ਦੀ ਮਦਦ ਨਾਲ ਬਹੁਤ ਬਰੀਕ ਅਤੇ ਸਟੀਕ ਟਾਂਕੇ ਲਗਾਉਣੇ ਆਸਾਨ ਹੋ ਜਾਂਦੇ ਹਨ, ਜਿਸ ਨਾਲ ਸਰਜਰੀ ਦੇ ਨਤੀਜੇ ਵਧੀਆ ਆਉਂਦੇ ਹਨ ਅਤੇ ਡਾਕਟਰ ਦੀ ਥਕਾਵਟ ਵੀ ਘੱਟ ਹੁੰਦੀ ਹੈ।
ਪ੍ਰੋਫੈਸਰ ਰਵੀ ਮੋਹਨ ਨੇ ਕਿਹਾ ਕਿ ਹੁਣ ਰੋਬੋਟਿਕ ਸਰਜਰੀ ਸਿਰਫ ਕੈਂਸਰ ਜਾਂ ਜਟਿਲ ਓਪਰੇਸ਼ਨਾਂ ਤੱਕ ਹੀ ਸੀਮਤ ਨਹੀਂ ਰਹੀ। ਇਸ ਦਾ ਸਫਲਤਾਪੂਰਕ ਉਪਯੋਗ ਹੁਣ ਐਂਡਰੋਲੋਜੀ ਅਤੇ ਮਾਈਕ੍ਰੋ-ਸਰਜਰੀ ਵਰਗੀਆਂ ਨਾਜੁਕ ਸ਼ਾਖਾਵਾਂ ਵਿੱਚ ਵੀ ਹੋ ਰਿਹਾ ਹੈ। ਇਹ ਉਪਲਬਧੀ ਨਾ ਸਿਰਫ਼ ਚਿਕਿਤਸਾ ਖੇਤਰ ਵਿੱਚ ਵੱਡੀ ਸਫਲਤਾ ਹੈ, ਸਗੋਂ ਉਹਨਾਂ ਹਜ਼ਾਰਾਂ ਜੋੜਿਆਂ ਲਈ ਵੀ ਨਵੀਂ ਉਮੀਦ ਬਣੀ ਹੈ ਜੋ ਕੁਦਰਤੀ ਢੰਗ ਨਾਲ ਸੰਤਾਨ ਦੀ ਇੱਛਾ ਰੱਖਦੇ ਹਨ।
