ਅੰਮ੍ਰਿਤਸਰ : ਤਤਕਾਲੀ ਕਾਂਗਰਸ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਲਗਾਈ ਗਈ ਐਮਰਜੈਂਸੀ ਦੌਰਾਨ ਤਸੀਹੇ ਝੱਲਣੇ ਪਏ ਅਤੇ 13 ਮਹੀਨੇ ਅਤੇ 6 ਦਿਨ ਜੇਲ੍ਹ ਵਿਚ ਬਿਤਾਉਣ ਵਾਲੇ ਦੋ ਵਾਰ ਵਿਧਾਇਕ, ਦੋ ਵਾਰ ਵਿਧਾਨ ਸਭਾ ਸਪੀਕਰ, ਦੋ ਵਾਰ ਸੰਸਦ ਮੈਂਬਰ ਅਤੇ ਇਕ ਵਾਰ ਲੋਕ ਸਭਾ ਦੇ ਡਿਪਟੀ ਸਪੀਕਰ ਰਹੇ ਚਰਨਜੀਤ ਸਿੰਘ ਅਟਵਾਲ ਨੂੰ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਆਪਣੀ ਟੀਮ ਦੇ ਮੈਂਬਰਾਂ ਡਾ. ਰਾਮ ਚਾਵਲਾ, ਗੁਰਪ੍ਰਤਾਪ ਸਿੰਘ ਟਿੱਕਾ, ਸਲਿਲ ਕਪੂਰ ਅਤੇ ਮਨੀਸ਼ ਸ਼ਰਮਾ, ਸੰਤੋਖ ਸਿੰਘ ਗੁਮਟਾਲਾ, ਓਮ ਪ੍ਰਕਾਸ਼ ਅਨਾਰੀਆ, ਇੰਦਰਜੀਤ ਸਿੰਘ ਬਾਸਰਕੇ, ਹਰਦੀਪ ਸਿੰਘ ਗਿੱਲ ਆਦਿ ਨੇ ਫੁੱਲਾਂ ਦਾ ਗੁਲਦਸਤਾ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ।
ਭਾਜਪਾ ਦਫ਼ਤਰ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਵਿਖੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਅਟਵਾਲ ਨੇ ਐਮਰਜੈਂਸੀ ਦੌਰਾਨ ਆਪਣੇ ਨਾਲ ਵਾਪਰੀ ਘਟਨਾ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਜ਼ਬਰਦਸਤੀ ਚੁੱਕ ਕੇ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਸੀ ਅਤੇ ਉਨ੍ਹਾਂ ‘ਤੇ ਬਹੁਤ ਹੀ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਸੀ।
ਇਸ ਮੌਕੇ ਭਾਜਪਾ ਦਫ਼ਤਰ ਵਿਖੇ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਚਰਨਜੀਤ ਸਿੰਘ ਅਟਵਾਲ ਅਤੇ ਹਰਵਿੰਦਰ ਸਿੰਘ ਸੰਧੂ ਨੇ ਆਪਣੀ ਟੀਮ ਦੇ ਮੈਂਬਰਾਂ ਨਾਲ ਮਿਲ ਕੇ ਐਮਰਜੈਂਸੀ ਦੌਰਾਨ ਜੇਲ੍ਹ ਦੀਆਂ ਸਜ਼ਾਵਾਂ ਭੁਗਤਣ ਵਾਲੇ ਅਤੇ ਅੱਤਿਆਚਾਰ ਸਹਿਣ ਵਾਲੇ ਗੁਰੂਨਗਰੀ ਦੇ ਯੋਧਿਆਂ ਨੂੰ ਸਿਰੋਪਾਓ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਨਰਿੰਦਰ ਗੋਲਡੀ, ਬਲਵਿੰਦਰ ਗਿੱਲ, ਵਿੱਕੀ ਕਪੂਰ, ਗੁਰਸ਼ਰਨ ਸਿੰਘ ਬਿੱਲਾ, ਸਤਪਾਲ ਡੋਗਰਾ, ਸ਼ਕਤੀ ਕਲਿਆਣ ਆਦਿ ਵੀ ਮੌਜੂਦ ਸਨ। ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ 50 ਸਾਲ ਪਹਿਲਾਂ ਦੇਸ਼ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਭਾਰਤੀ ਰਾਜਨੀਤੀ ਦੇ ਇਤਿਹਾਸ ਦਾ ਇਕ ਕਾਲਾ ਅਧਿਆਇ ਵੀ ਕਿਹਾ ਜਾਂਦਾ ਹੈ। ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਇਸ ਐਮਰਜੈਂਸੀ ਦਾ ਆਧਾਰ ਇਲਾਹਾਬਾਦ ਹਾਈਕੋਰਟ ਦਾ ਇਕ ਕੇਸ ਸੀ ਜਿਸ ਨੂੰ ਰਾਜ ਨਰਾਇਣ ਬਨਾਮ ਉੱਤਰ ਪ੍ਰਦੇਸ਼ ਵਜੋਂ ਜਾਣਿਆ ਜਾਂਦਾ ਸੀ।
