ਮੋਹਾਲੀ, 4 ਅਕਤੂਬਰ (ਦਲਜੀਤ ਸਿੰਘ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਮੋਹਾਲੀ ਵਿਖੇ ਵੀ ਕਿਸਾਨਾਂ ਵੱਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਸਾਰੀਆਂ ਹੀ ਕਿਸਾਨ ਜੱਥੇਬੰਦੀਆਂ ਦੇ ਆਗੂ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਇਕੱਤਰ ਹੋਏ ਅਤੇ ਧਰਨਾ ਲਾ ਕੇ ਸੜਕ ਜਾਮ ਕਰ ਦਿੱਤੀ। ਇਸ ਮੌਕੇ ਬੋਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਬੀਤੇ ਦਿਨ ਉੱਤਰ ਪ੍ਰਦੇਸ਼ ਵਿਖੇ ਜੋ ਮੰਤਰੀ ਦੇ ਪੁੱਤਰ ਵੱਲੋਂ ਘ੍ਰਿਣਤ ਕਾਰਵਾਈ ਕੀਤੀ ਗਈ ਹੈ, ਇਕ ਦਹਿਸ਼ਤਗਰਦ ਕਾਰਵਾਈ ਹੈ। ਇਸ ਦੇ ਲਈ ਮੰਤਰੀ ਅਤੇ ਉਸ ਦੇ ਪੁੱਤਰ ਸਮੇਤ ਉਸਦੇ ਸਮੂਹ ਸਾਥੀਆਂ ‘ਤੇ ਕਾਨੂੰਨ ਅਨੁਸਾਰ ਕਾਰਵਾਈ ਕਰਕੇ ਯੋਗੀ ਆਦਿੱਤਿਆਨਾਥ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਤੁਰੰਤ ਬਰਖ਼ਾਸਤ ਕੀਤਾ ਜਾਵੇ। ਇਸਦੇ ਨਾਲ ਹੀ ਬੁਲਾਰਿਆਂ ਦਾ ਇਹ ਵੀ ਕਹਿਣਾ ਸੀ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵੀ ਬਹੁਤ ਹੀ ਭੜਕਾਊ ਬਿਆਨ ਦੇ ਕੇ ਅਦਲੇ ਦਾ ਬਦਲਾ ਵਾਲੀ ਗੱਲ ਆਖੀ ਹੈ। ਇਸ ਲਈ ਉਨ੍ਹਾਂ ਨੂੰ ਵੀ ਆਪਣੇ ਅਹੁਦੇ ‘ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ।
ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਇਨ੍ਹਾਂ ਦੇ ਖ਼ਿਲਾਫ਼ ਤੁਰੰਤ ਕਾਰਵਾਈ ਕਰਕੇ ਇਨ੍ਹਾਂ ਨੂੰ ਬਰਖ਼ਾਸਤ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਮੀਤ ਪ੍ਰਧਾਨ ਮਿਹਰ ਸਿੰਘ ਥੇੜੀ, ਪਰਮਿੰਦਰ ਸੋਹਾਣਾ, ਨਰਿੰਦਰ ਸਿੰਘ ਕੰਗ, ਨਿਰਮੈਲ ਸਿੰਘ ਜੋਲਾ, ਅਮਿਤੋਜ ਮਾਨ, ਕਿਰਪਾਲ ਸਿਆਊ, ਲਖਵਿੰਦਰ ਸਿੰਘ ਕਰਾਲਾ, ਹਰਦੀਪ ਸਿੰਘ ਸਿੱਧੂਪੁਰ, ਜਗਜੀਤ ਸਿੰਘ ਕੁਰਾਲਾ, ਗੁਰਪ੍ਰੀਤ ਸਿੰਘ ਸੇਖਨ ਮਾਜਰਾ, ਨਛੱਤਰ ਸਿੰਘ ਬੈਦਵਾਣ, ਜਸਪਾਲ ਸਿੰਘ ਨਿਆਮੀਆਂ, ਕਰਮਜੀਤ ਸਿੰਘ ਮੌਲੀ ਨੰਬਰਦਾਰ, ਹਰਵਿੰਦਰ ਸਿੰਘ ਨੰਬਰਦਾਰ, ਗੁਰਨਾਮ ਸਿੰਘ ਦਾਊ, ਅਮਨ ਪੂਨੀਆ, ਗੀਤ ਇੰਦਰ ਸਿੰਘ ਲਾਂਡਰਾਂ, ਰਾਜਿੰਦਰ ਸਿੰਘ ਢੋਲਾ ਕਰਮ ਸਿੰਘ ਡੇਰਾਬੱਸੀ, ਅਵਤਾਰ ਸਿੰਘ ਲਖਵਿੰਦਰ ਸਿੰਘ ਅਤੇ ਹੋਰ ਮੋਹਤਬਰ ਆਗੂ ਵੀ ਹਾਜ਼ਰ ਸਨ।