ਸਮਾਗਮ ਅਲਗ ਅਲਗ ਦਿਨ ਤੇ ਅਲਗ ਥਾਵਾਂ ਤੇ ਹੋਏ ਪਰ ਹਾਲ ਦੋਨਾਂ ਥਾਵਾਂ ਤੇ ਹੀ ਪੂਰੀ ਤਰਾਂ ਭਰੇ ਹੋਏ ਸੀ । ਪ੍ਰੈਸ ਕਲੱਬ ਦੇ ਹਾਲ ਵਿਚ ਪੰਜਾਬੀ ਜਗਤ ਦੇ ਬਹੁਤ ਹੀ ਜਾਣੇ ਪਹਿਚਾਣੇ ਨਾਮੀ ਚੇਹਰੇ ਹਾਜਿਰ ਸਨ। ਸਟੇਜ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ ਕਰਮਵੀਰ ਸਿੰਘ, ਸਾਬਕਾ ਡੀ ਜੀ ਪੀ ਐਮ ਪੀ ਐਸ ਔਲਖ , ਪੱਤਰਕਾਰ ਤੇ ਇਤਹਿਾਸਕਾਰ ਜਗਤਾਰ ਸਿੰਘ , ਰੁਪਿੰਦਰ ਸਿੰਘ ਤੇ ਕੁਝ ਹੋਰ ਸੱਜਣ ਸਜੇ ਹੋਏ ਸੀ। ਮਾਇਕ ਦੇ ਨਜਦੀਕ ਵਾਲੀ ਕੁਰਸੀ ਤੇ ਗੁਰਦਰਸ਼ਨ ਸਿੰਘ ਬਾਹੀਆ ਬੈਠੇ ਸੀ ਕਿਉਂਕੇ ਉਹਨਾਂ ਦੇ ਸਿਰ ਸਟੇਜ ਸੰਚਾਲਨ ਦੀ ਜਿੰਮੇਵਾਰੀ ਸੀ । ਦੂਸਰਾ ਹਾਲ ਸ੍ਰੀ ਕੇਂਦਰੀ ਸਿੰਘ ਸਭਾ ਦਾ ਸੀ। ਇਥੇ ਵੀ ਬਹੁਤ ਵੱਡੇ ਚਿੰਤਕ ਤੇ ਵਿਦਵਾਨ ਸੱਜਣ ਪਹੁੰਚੇ ਹੋਏ ਸੀ। ਇਹਨਾਂ ਚ ਅਜਮੇਰ ਸਿੰਘ , ਕਰਮਜੀਤ ਸਿੰਘ, ਡਾ ਪਿਆਰੇ ਲਾਲ ਗਰਗ , ਗੁਰਤੇਜ ਸਿੰਘ IAS , ਖੁਸ਼ਹਾਲ ਸਿੰਘ , ਮਾਲਵਿੰਦਰ ਸਿੰਘ ਮਾਲੀ, ਗਿਆਨੀ ਕੇਵਲ ਸਿੰਘ , ਦਿਲਮੇਘ ਸਿੰਘ , ਕਰਨੈਲ ਸਿੰਘ ਪਿੰਜੌਲੀ ਤੇ ਹੋਰ ਕਈ ਸੱਜਣ ਸ਼ਾਮਿਲ ਸਨ।
ਪਹਿਲੀ ਵਾਰ ਦੇਖਿਆ ਕੇ ਕਿਤਾਬਾਂ ਦੀ ਘੁੰਡ ਚੁਕਾਈ ਤੇ ਏਨੇ ਲੋਕ ਪਹੁੰਚੇ ਹੋਣੇ। ਯਕੀਨਨ ਇਹ ਪੰਜਾਬ ਤੇ ਪੰਜਾਬੀ ਲਈ ਸ਼ੁਭ ਸ਼ਗਨ ਹੈ। ਪ੍ਰੈਸ ਕਲੱਬ ਚ ਜਿਸ ਕਿਤਾਬ ਦੇ ਘੁੰਡ ਚੁਕਾਈ ਹੋਈ ਉਹ ਪੰਜਾਬ ਬਾਰੇ ਹੈ, ਇਸ ਦੇ ਇਤਿਹਾਸ ਨਾਲ ਸੰਬੰਧਿਤ ਹੈ। ਅਸਲ ਵਿਚ ਇਸ ਕਿਤਾਬ ਦੀ ਅਹਿਮੀਅਤ ਏਨੀ ਵਸੀਹ ਹੈ ਕੇ ਇਥੇ ਅਹਿਮ ਲੋਕਾਂ ਦਾ ਹਾਜਿਰ ਹੋਣਾ ਬਣਦਾ ਹੀ ਸੀ। ਸਭ ਤੋਂ ਵੱਡਾ ਪੰਜਾਬ ਦਾ ਦੁਖਾਂਤ ਹੀ ਇਹ ਹੈ ਕੇ ਇਸ ਧਰਤੀ ਤੇ ਇਤਿਹਾਸ ਲਿਖਣ ਨੂੰ ਬਹੁਤ ਘੱਟ ਤਰਜੀਹ ਦਿਤੀ ਗਈ ਹੈ। ਗੁਰੂ ਕਾਲ ਤੋਂ ਪਹਿਲਾਂ , ਗੁਰੂ ਸਹਿਬਾਨਾਂ ਦੇ ਸਮੇਂ ਤੇ ਬਾਦ ਵਿਚ ਪੰਜਾਬ ਚ ਏਨਾ ਕੁਝ ਵਾਪਰਿਆ ਹੈ ਕੇ ਇਸ ਸੰਬੰਧ ਵਿਚ ਇਤਹਾਸ ਦੇ ਗਰੰਥ ਲਿਖੇ ਜਾ ਸਕਦੇ ਸਨ। ਪਰ ਅਜੇਹਾ ਨਹੀਂ ਹੋਇਆ । ਜਿਨ੍ਹਾਂ ਕੁ ਹੋਇਆ ਉਸ ਨਾਲ ਗੱਲ ਨਹੀਂ ਬਣਦੀ। ਗੁਰੂ ਕਾਲ ਤੋਂ ਪਹਿਲਾਂ ਤੇ ਉਨ੍ਹਾਂ ਦੇ ਸਮੇਂ ਦੇ ਇਤਹਾਸ ਨੂੰ ਜਾਨਣ ਲਈ ਸਾਖੀਆਂ ਤੇ ਹੋਰ ਅਜੇਹੇ ਸਰੋਤਾਂ ਤੇ ਨਿਰਭਰ ਕਰਨਾ ਪੈਂਦਾ ਹੈ। ਅਜਾਦੀ ਦੀ ਤਹਿਰੀਕ,ਉਸ ਨਾਲ ਸੰਬੰਧਿਤ ਵਿਸ਼ੇਸ਼ ਘਟਨਾਵਾਂ, ਦੇਸ਼ ਦੀ ਵੰਡ ਨਾਲ ਸੰਬੰਧਿਤ ਕਾਫ਼ੀ ਠੋਸ ਸਮਗਰੀ ਹੁਣ ਕਿਤਾਬਾਂ ਦੇ ਰੂਪ ਵਿਚ ਆ ਗਈ ਹੈ। ਇਹਨਾਂ ਕਿਤਾਬਾਂ ਵਿਚ ਪੰਜਾਬ ਬਾਰੇ ਕਾਫੀ ਕੁਝ ਮਿਲਦਾ ਹੈ। ਪਰ ਆਜ਼ਾਦੀ ਤੋਂ ਬਾਦ ਖ਼ਾਸ ਕਰਕੇ 1950 ਤੋਂ ਬਾਅਦ ਦੇ ਪੰਜਾਬ ਵਾਰੇ ਬਹੁਤ ਘੱਟ ਕੰਮ ਹੋਇਆ ਹੈ। ਹੁਣ ਹੋਣ ਲੱਗਿਆ ਹੈ , ਇਹ ਸਵਾਗਤ ਯੋਗ ਵਰਤਾਰਾ ਹੈ।
ਪਿਛਲੇ 75 ਸਾਲਾਂ ਤੇ ਜੇਕਰ ਨਜਰ ਮਾਰੀਏ ਤੇ ਇਸ ਵਿਚ ਕਈ ਸਖਸ਼ੀਅਤ ਦੀ ਬਹੁਤ ਅਹਮਿ ਭੂਮਕਿਾ ਰਹੀ ਹੈ , ਪਰ ਇਹ ਸ਼ਖ਼ਸੀਅਤ ਨੇ ਆਪਣੀਆਂ ਸਵੈ ਜੀਵਨੀਆਂ ਨਹੀਂ ਲਿਖੀਆਂ ਤੇ ਨਾ ਹੀ ਜੀਵਨੀਆਂ ਲਿਖਵਾਈਆਂ ਹਨ। ਇਸ ਕਰਕੇ ਇਤਹਾਸ ਲਿਖਣ ਵਾਲਿਆਂ ਨੂੰ ਸੈਕੰਡਰੀ ਸਰੋਤਾ ਤੇ ਨਿਰਭਰ ਕਰਨਾ ਪੈਂਦਾ ਹੈ। ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਲੰਬਾ ਸਮਾਂ ਮੁਖ ਮੰਤਰੀ ਰਹੇ। ਉਨ੍ਹਾਂ ਦੇ ਸਮੇਂ ਪੰਜਾਬ ਚ ਬੜੀ ਉਥਲ ਪਥਲ ਹੋਈ। ਪੰਜਾਬੀ ਸੂਬੇ ਦੇ ਸੰਬੰਧ ਵਿਚ ਜਿਆਦਾ ਕੁਝ ਉਨ੍ਹਾਂ ਸਮੇ ਵਾਪਰਿਆ। ਉਹ ਦਿੱਲ੍ਹੀ ਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਖਾਸਿਮ ਖਾਸ਼ ਸਨ। ਪਰਦੇ ਪਿੱਛੇ ਕੀ ਵਾਪਰ ਦਾ ਸੀ। ਕਿਉਂ ਨਹਿਰੂ ਨੇ ਪੰਜਾਬੀ ਸੂਬੇ ਦੇ ਰਾਹ ਵਿਚ ਅੜਿੱਕੇ ਖੜੇ ਕੀਤੇ। ਦਿੱਲੀ ਕਿਉਂ ਇਨ੍ਹਾਂ ਚਿਰ ਅੜੀ ਰਹੀ , ਇਸ ਬਾਰੇ ਸਭ ਤੋਂ ਵੱਧ ਕੈਰੋਂ ਨੂੰ ਹੀ ਪਤਾ ਸੀ। ਪਰ ਉਸਨੇ ਕੁਝ ਨਹੀਂ ਲਿਖਿਆ ਤੇ ਨਾ ਹੀ ਲਿਖਵਾਇਆ । ਉਸ ਕੋਲ ਸਮਾਂ ਤੇ ਸਾਧਨ ਸਨ। ਉਹ ਇਸ ਦੁਨੀਆਂ ਤੋਂ ਅਚਾਨਕ ਚਲਿਆ ਗਿਆ। ਉਸ ਦਾ ਕਤਲ ਹੋ ਗਿਆ ਸੀ। ਉਹ ਬਹੁਤ ਕੁਝ ਆਪਣੇ ਨਾਲ ਹੀ ਲੈ ਗਿਆ ।
1960 ਤੋਂ ਸ਼ੁਰੂ ਕਰਕੇ ਪਿਛਲੇ ਕੁਝ ਸਾਲਾਂ ਤਕ ਪੰਜਾਬ ਦੀ ਸਿਆਸਤ ਵਿਚ ਪ੍ਰਕਾਸ਼ ਸਿੰਘ ਬਾਦਲ , ਸੁਰਜੀਤ ਸਿੰਘ ਬਰਨਾਲਾ, ਗੁਰਚਰਨ ਸਿੰਘ ਟੌਹਡ਼ਾ ਦੀ ਬਹੁਤ ਹੀ ਮੁਖ ਭੂਮਿਕਾ ਹੀ ਹੈ। ਉਨ੍ਹਾਂ ਦੇ ਸਮੇਂ ਪੰਜਾਬ ਵਿਚ ਬਹੁਤ ਕੁਝ ਵਾਪਰਿਆ ਪਰ ਇਹ ਤਿੰਨੇ ਆਗੂ ਪੰਜਾਬ ਦੇ ਇਸ ਕਾਲ ਦੇ ਬਹੁਤ ਵੱਡੇ ਭੇਦ ਆਪਣੇ ਨਾਲ ਹੀ ਲੈਕੇ ਇਸ ਦੁਨੀਆਂ ਤੋਂ ਰੁਖਸਤ ਹੋ ਗਏ ਨੇ। ਇਨ੍ਹਾ ਕੋਲ ਦੱਸਣ ਨੂੰ ਬਹੁਤ ਕੁਝ ਸੀ। ਪਰ ਉਹ ਬਹੁਤ ਕੁਝ ਅਣਦੱਸਿਆ ਤੇ ਅਣਕਿਹਾ ਛੱਡ ਗਏ। ਬਾਦਲ ਸਾਹਿਬ ਤਾਂ ਛੇਤੀ ਛੇਤੀ ਗੱਲ ਦੱਸਦੇ ਹੀ ਨਹੀਂ ਸੀ। ਉਹਨਾਂ ਦਾ ਕਿਤਾਬਾਂ ਨਾਲ ਬਹੁਤ ਦੂਰ ਦਾ ਰਿਸ਼ਤਾ ਰਿਹਾ ਹੈ। ਕਹਿ ਲਵੋ ਕੇ ਸਿਰਫ ਵਰਕੇ ਉਲਟਾਉਣ ਤਕ ਦਾ। ਬਾਦਲ ਸਾਹਿਬ ਨੂੰ ਕੁਰਦੇਨ ਦੀ ਬਹੁਤ ਲੋਕਾਂ ਨੇ ਕੋਸ਼ਿਸ਼ ਕੀਤੀ ਪਰ ਸਫਲਤਾ ਹਾਸਿਲ ਨਹੀਂ ਹੋਈ। ਬਰਨਾਲਾ ਸਾਹਿਬ ਬੜੇ ਪੜੇ ਲਿਖੇ ਸਨ। ਉਸ ਸਮੇਂ ਮੁਖ ਮੰਤਰੀ ਬਣੇ ਸਨ ਜਦੋਂ ਪੰਜਾਬ ਤੱਤੇ ਤੇਲ ਦੇ ਕੜਾਹੇ ਵਾਂਗ ਉਬਲ ਰਿਹਾ ਸੀ। ਪੰਜਾਬ ਚ ਅਨੰਦਪੁਰ ਸਾਹਿਬ ਦੇ ਮਤੇ ਅਤੇ ਧਰਮ ਯੁੱਧ ਮੋਰਚੇ ਦੇ ਸੰਬੰਧ ਵਿਚ ਹੋਈਆਂ ਕੇਂਦਰ ਨਾਲ ਹੋਈਆਂ ਬਹੁਤ ਸਾਰੀਆਂ ਮੀਟਿੰਗਾਂ ਵਿਚ ਉਹ ਸ਼ਾਮਿਲ ਹੁੰਦੇ ਸੀ ਪਰ ਉਹਨਾਂ ਨੇ ” ਸੱਚੋ-ਸੱਚ ” ਦੱਸਣ ਦਾ ਕੋਈ ਉਪਰਾਲਾ ਨਹੀਂ ਕੀਤਾ। ਟੋਹੜਾ ਸਾਹਿਬ ਨੇ ਕੋਸ਼ਿਸ਼ ਕੀਤੀ ਸੀ ਪਰ ਉਹ ਅਧੂਰੀ ਰਹਿ ਗਈ ਹੈ।
ਇਤਿਹਾਸ ਦੇ ਅਣ ਲਿਖੇ ਵਰਕੇ ਲਿਖਣ ਅਤੇ ਇਸ ਨਾਲ ਸੰਬੰਧਿਤ ਦਸਤਾਵੇਜ ਸਾਂਭਣ ਦਾ ਯਤਨ ਸ਼ੁਰੂ ਹੋਇਆ ਹੈ। ਇਸ ਸੰਬੰਧ ਵਿਚ ਜਗਤਾਰ ਸਿੰਘ ਨੇ ਬਹੁਤ ਨਿੱਘਰ ਕੰਮ ਕੀਤਾ ਹੈ। ਪੇਸ਼ੇ ਵਜੋਂ ਉਹ ਪੱਤਰਕਾਰ ਹੈ। ਉਸ ਨੇ ਲੰਬਾ ਸਮਾਂ ਅੰਗਰੇਜ਼ੀ ਅਖਬਾਰ The Indian Express ਚ ਕੰਮ ਕੀਤਾ ਹੈ। ਉਹ ਅਖਬਾਰਾਂ ਵਿਚ ਆਰਟੀਕਲ ਵੀ ਲਿਖਦਾ ਹੈ ਪਰ ਕਿਤੇ ਕਿਤੇ। ਉਸਨੇ ਜਿਆਦਾ ਬਿਰਤੀ ਸਮਕਾਲੀ ਇਤਿਹਾਸ ਨੂੰ ਲਿਖਣ ਚ ਹੀ ਲਾਈ ਹੋਈ ਹੈ। Indian Express ਵਿਚ ਉਹ ਅੰਮ੍ਰਿਤਸਰ ਵਿਖੇ ਉਸ ਸਮੇਂ ਪੱਤਰਕਾਰ ਸੀ ਜਦੋਂ ਦੁਨੀਆਂ ਭਰ ਦੇ ਪੱਤਰਕਾਰਾਂ ਲਈ ਸਿਖਾਂ ਦਾ ਇਹ ਸ਼ਿਰੋਮਣੀ ਸਥਾਨ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ। ਅੰਮ੍ਰਿਤਸਰ ਤੋਂ ਨਿੱਕਲੀ ਰਾਜਨੀਤਕ ਅਵਾਜ ਦੀ ਧਮਕ ਦਿੱਲੀ ਤੇ ਉਸ ਤੋਂ ਅਗੇ ਤਕ ਪੈਂਦੀ ਸੀ। ਇਸ ਲਈ ਜਗਤਾਰ ਸਿੰਘ ਨੇ ਬਹੁਤ ਕੁਝ ਆਪਣੇ ਅੱਖੀਂ ਵਾਪਰ ਦੇ ਵੇਖਿਆ ਹੈ। ਉਹ ਪੰਜਾਬ ਦੀ 1970ਵੀਆਂ ਤੋਂ ਬਾਦ ਦੀ ਰਾਜਨੀਤੀ ਦੇ ਅਹਿਮ ਖਿਡਾਰੀਆਂ ਨੂੰ ਮਿਲਦਾ ਰਿਹਾ ਹੈ ਉਨ੍ਹਾਂ ਨਾਲ ਲੰਬੇ ਵਾਰਤਾਲਾਪ ਖਬਰਾਂ ਦੇ ਸੰਬੰਧ ਵਿਚ ਕਰਦਾ ਰਿਹਾ ਹੈ। ਉਸ ਦੀ ਸਭ ਤੋਂ ਵਧੀਆ ਆਦਤ ਦਸਤਾਵੇਜਾਂ ਨੂੰ ਸਾਂਭ ਕੇ ਰੱਖਣ ਦੀ ਹੈ। ਇਹ ਆਦਤ ਉਸ ਲਈ ਹੁਣ ਵਰਦਾਨ ਸਾਬਿਤ ਹੋ ਰਹੀ ਹੈ। ਪਿਛਲੇ ਕੁਝ ਸਾਲਾਂ ਚ ਉਹ ਪੰਜਾਬ ਨੂੰ ਕਈ ਅਹਿਮ ਕਿਤਾਬਾਂ ਦੇ ਚੁੱਕਿਆ ਹੈ। ਇਹਨਾਂ ਚ “Khalistan struggle : A Non-movement” ਤੇ Punjab Rivers on Fire ਜਿਕਰ ਯੋਗ ਹਨ। .
ਪਹਿਲੀ ਕਿਤਾਬ ਜਿਸ ਕਰਕੇ ਹਾਲ ਭਰਿਆ ਸੀ ਉਸ ਦਾ ਟਾਈਟਲ ਹੈ : Sikh Struggle Documents 1920-2022 . ਇਹ ਜਗਤਾਰ ਸਿੰਘ ਦੀ ਬਹੁਤ ਮਿਹਨਤ ਨਾਲ ਲਿਖੀ ਕਿਤਾਬ ਹੈ। ਇਸ ਕਿਤਾਬ ਵਿਚ ਪੰਜਾਬ ਨਾਲ, ਸਿੱਖ ਧਾਰਮਿਕ ਮਾਮਲਿਆਂ , ਸਿੱਖ ਸਿਆਸਤ , ਅਕਾਲੀ ਆਗੂਆਂ ਨਾਲ, ਪੰਥਿਕ ਮਸਲਿਆਂ ਨਾਲ ਜੁੜੇ ਬਹੁਤ ਹੀ ਅਹਿਮ ਦਸਤਾਵੇਜ ਸ਼ਾਮਿਲ ਕੀਤੇ ਗਏ ਹਨ । ਸੌ ਸਾਲ ਤੋਂ ਵੱਧ ਸਮੇਂ ਦੇ ਅਹਿਮ ਦਸਤਾਵੇਜਾਂ ਨੂੰ ਕਿਤਾਬ ਦਾ ਰੂਪ ਦੇਣਾ ਜਗਤਾਰ ਸਿੰਘ ਲਈ ਬਹੁਤ ਵੱਡੀ ਚਣੌਤੀ ਸੀ। ਇਸਤੋਂ ਵੀ ਵੱਡੀ ਗੱਲ ਸੀ ਕੇ ਇਸ ਦਸਤਾਵੇਜ ਪੰਜਾਬੀ ਚ ਸਨ। ਇਹਨੂੰ ਨੂੰ English ਵਿਚ ਟਰਾਂਸਲੇਟ ਕਰਕੇ ਜਗਤਾਰ ਸਿੰਘ ਨੇ ਕਿਤਾਬ ਤਿਆਰ ਕੀਤੀ ਹੈ। ਪੰਜਾਬੀ ਚ ਵੀ ਜਲਦੀ ਇਹ ਕਿਤਾਬ ਆ ਰਹੀ ਹੈ।
ਇਹ ਕਿਤਾਬ ਕਿੰਨੀਆਂ ਹੋਰ ਕਿਤਾਬਾਂ ਲਿਖਣ ਚ ਸਹਾਈ ਹੋਵੇਗੀ ਤੇ ਇਤਿਹਾਸਕਾਰਾਂ ਲਈ ਮੂਲ ਸਰੋਤ ਬਣੇਗੀ ਇਸ ਦਾ ਅੰਦਾਜਾ ਅਜੇ ਲਾਉਣਾ ਮੁਸ਼ਕਲ ਹੈ। ਪਰ ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕੇ ਇਸ ਕਿਤਾਬ ਚ ਕਈ ਅਜਿਹੇ ਮਹੱਤਵ ਪੂਰਨ ਦਸਤਾਵੇਜ ਸ਼ਾਮਿਲ ਹਨ ਜਿਨ੍ਹਾਂ ਨੂੰ ਧੁਰਾ ਬਣਾਕੇ ਕਈ ਕਿਤਾਬਾਂ ਲਿਖੀਆਂ ਜਾਣਗੀਆਂ। ਦੂਸਰੀ ਵੱਡੀ ਗੱਲ ਇਹ ਹੈ ਕੇ ਕਿਤਾਬਾਂ ਲਿਖਣ ਵਾਲੇ ਇਤਹਾਸ ਨਾਲ ਖਿਲਵਾੜ ਵੀ ਨਹੀਂ ਕਰ ਸੱਕਣਗੇ ਕਿਉਂਕ ਦਸਤਾਵੇਜ ਉਨ੍ਹਾਂ ਦੇ ਅਜੇਹੇ ਵਰਤਾਰੇ ਨੂੰ ਝੁਠਲਾਉਣ ਲਈ ਮੌਕੇ ਦੇ ਗਵਾਹ ਵਰਗਾ ਰੋਲ ਨਿਭਾਉਣਗੇ। ਕਿਤਾਬ ਦਾ ਪਹਿਲਾ ਭਾਗ ਪੰਜਾਬ ਦੇ ਇਤਿਹਾਸ ਬਾਰੇ, ਬ੍ਰਿਟਿਸ਼ ਰਾਜ ਬਾਰੇ, 1947 ਤੋਂ ਪਹਿਲਾਂ ਸਿੱਖ ਆਗੂਆਂ ਵੱਲੋਂ ਅੰਗਰੇਜਾਂ ਤੇ ਨਹਿਰੂ -ਗਾਂਧੀ ਨਾਲ ਕੀਤੀਆਂ ਮੀਟਿੰਗਾਂ ਬਾਰੇ ਕਾਫੀ ਵਿਸਥਾਰ ਨਾਲ ਜਿਕਰ ਹੈ। ਕਿਤਾਬ ਦੇ ਦੂਜੇ ਭਾਗ ਵਿਚ ਦਸਤਾਵੇਜ ਹਨ।ਦਸਤਾਵੇਜਾਂ ਦਾ ਅੰਗਰੇਜ਼ੀ ਚ ਉਲਥਾ ਬਹੁਤ ਹੀ ਵਧੀਆ ਹੈ। ਪੜਕੇ ਮਹਿਸੂਸ ਹੀ ਨਹੀਂ ਹੁੰਦਾ ਕੇ ਇਹ ਪੰਜਾਬੀ ਤੋਂ ਅੰਗਰੇਜ਼ੀ ਉਲਥਾ ਕੀਤਾ ਗਿਆ ਹੈ। ਦਸਤਾਵੇਜ ਮੂਲ ਰੂਪ ਚ ਹੀ ਅੰਗਰੇਜ਼ੀ ਚ ਹੋਣ ਦਾ ਹੀ ਭੁਲੇਖਾ ਪਾਉਂਦੇ ਨੇ। ਜਗਤਾਰ ਦੀ ਸਿੱਖ ਰਾਜਨੀਤੀ ਤੇ ਸਿੱਖ ਮੁਹਾਵਰੇ ਤੇ ਧਾਰਮਿਕ ਸ਼ੈਲੀ ਤੇ ਗਹਿਰੀ ਪਕੜ ਹੈ। ਇਸਦਾ ਸਪਸ਼ਟ ਪ੍ਰਗਟਾ ਉਸਦੀਆਂ ਹੁਣ ਤਕ ਲਿਖੀਆਂ ਕਿਤਾਬਾਂ ਤੋਂ ਹੁੰਦਾ ਹੈ।
ਕੁਝ ਦਸਤਾਵੇਜਾਂ ਦਾ ਇਥੇ ਜਿਕਰ ਕਰਨਾ ਬਣਦਾ ਹੈ। ਮਾਰਚ 31, 1979 ਨੇ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਗੁਰਚਰਨ ਸਿੰਘ ਟੋਹੜਾ ਦੀ ਪ੍ਰਧਾਨਗੀ ਥੱਲੇ ਅਹਿਮ ਪੰਜ ਪੁਆਇੰਟ ਪ੍ਰੋਗਰਾਮ ਪਾਸ ਕੀਤਾ। ਇਹਨਾਂ ਪੰਜਾਬ ਪੋਇੰਟਾਂ ਵਿਚ autonomy ਦਾ ਪੋਇੰਟ ਵੀ ਸ਼ਾਮਿਲ ਹੈ। ਦੂਸਰਾ ਦਸਤਾਵੇਜ਼ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ 1983 ਵਿਚ ਸਾਰੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਲਿਖਿਆ ਪੱਤਰ ਹੈ। 1983 ਚ ਧਰਮ ਯੁੱਧ ਮੋਰਚਾ ਸਿਖਰ ਤੇ ਸੀ। ਸਾਰੇ ਦੇਸ਼ ਦਾ ਧਿਆਨ ਇਸ ਤੇ ਕੇਂਦਰਤ ਸੀ। ਸੰਤ ਹਰਚੰਦ ਸਿੰਘ ਮੋਰਚਾ ਡਿਕਟੇਟਰ ਸਨ। ਇਸ ਪੱਤਰ ਵਿਚ ਅਜਾਦੀ ਤੋਂ ਪਹਿਲਾਂ ਸਿਖਾਂ ਨਾਲ ਨਹਿਰੂ ਤੇ ਗਾਂਧੀ ਵਲੋਂ ਕੀਤੇ ਲਿਖਤੀ ਤੇ ਜਬਾਨੀ ਵਹਿਦਿਆਂ ਦਾ ਜਿਕਰ ਹੈ। ਮਾਰਚ 19, 1931 ਦੇ Young India ਵਿਚ ਗਾਂਧੀ ਨੇ ਕੀ ਲਿਖਿਆ। ਕਲਕੱਤੇ ਚ ਕੀਤੀ ਪ੍ਰੈਸ ਕਾਨਫਰੰਸ ਵਿਚ ਨਹਿਰੂ ਨੇ 6 ਜੁਲਾਈ 1946 ਨੂੰ ਸਿੱਖਾਂ ਬਾਰੇ ਕੀ ਕਿਹਾ। ਇਹ ਉਸ ਸਮੇਂ ਦੇ ਪ੍ਰਸਿੱਧ ਅਖਬਾਰ The Statesman ਨੇ ਕੋਲਕਤੇ ਤੋਂ 7 ਜੁਲਾਈ 1946 ਨੂੰ ਰਿਪੋਰਟ ਕੀਤਾ ਸੀ। 1929 ਦੇ ਆਪਣੇ ਲਾਹੌਰ ਸੈਸ਼ਨ ਵਿਚ ਕਾਂਗਰਸ ਨੇ ਪਹਿਲੀ ਵਾਰ ਸਿੱਖਾਂ ਨਾਲ ਕੀ ਵਹਿਦਾ ਕੀਤਾ ? ਇਹ ਵੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਪੱਤਰ ਚ ਹੈ। ਇਹ ਬਹੁਤ ਹੀ ਅਹਿਮ ਦਸਤਾਵੇਜ ਹੈ। ਸੰਤ ਹਰਚੰਦ ਸਿੰਘ ਨੇ ਪੱਤਰ ਚ ਸਿੱਖ ਕੀ ਚਾਹੁੰਦੇ ਨੇ ਦਾ ਵਿਸਥਾਰ ਵਿਚ ਜਿਕਰ ਕੀਤਾ ਹੈ। ਇਹ ਉਸ ਸਮਾਂ ਸੀ ਜਦੋ ਕੇਂਦਰ ਸਰਕਾਰ ਉਸ ਸਮੇ ਦੇ ” ਗੋਦੀ ਮੀਡੀਆ ” ਦੇ ਸਹਾਰੇ ਧਰਮ ਯੁੱਧ ਮੋਰਚੇ ਬਾਰੇ , ਅਕਾਲੀ ਆਗੂਆਂ ਬਾਰੇ ਅਤੇ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਬਹੁਤ ਕੁਫ਼ਰ ਤੋਲ ਤੇ ਫਲਾ ਰਹੀ ਸੀ।
ਇਸ ਕਿਤਾਬ ਵਿਚ ਅਨੰਦਪੁਰ ਸਾਹਿਬ ਦਾ ਮਤਾ ਤੇ ਅਕਾਲੀ ਆਗੂਆਂ ਵਲੋਂ ਪਾਸ ਕੀਤੇ “Self Determination ਤੇ Autonomy ਸੰਬੰਧੀ ਮਤੇ ਵੀ ਸ਼ਾਮਿਲ ਨੇ। 1921 ਵਿਚ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪ੍ਰਿੰਸ ਆਫ ਵੇਲਜ਼ ਦੇ ਬਾਈਕਾਟ ਦਾ ਸੱਦਾ ਕਿਉਂ ਤੇ ਕਿਵੇਂ ਦਿੱਤਾ। ਇਹ ਦਸਤਾਵੇਜ ਇਸ ਵਿਚ ਸ਼ਾਮਿਲ ਹੈ। ਸਾਲ 1937 ਵਿਚ 10 ਅਕਤੂਬਰ ਨੂੰ ਅਕਾਲੀ ਦਲ ਨੇ ਮਤਾ ਪਾਸ ਕਰਕੇ ਪੰਜਾਬ ਵਿਧਾਨ ਸਭਾ ਚ ਕਾਂਗਰਸ ਨਾਲ ਮਿਲਕੇ ਕੰਮ ਕਰਨ ਦਾ ਫੈਸਲਾ ਕੀਤਾ ਸੀ। ਸਾਲ 1943 ਵਿਚ 27 ਫਰਵਰੀ ਨੇ SGPC ਨੇ ਦੇਸ਼ ਅੰਦਰ ਸਿੱਖ ਸਟੇਟ ਸਥਾਪਤ ਕਰਨ ਦਾ ਮਤਾ ਪਾਸ ਕੀਤਾ। ਅਕਾਲੀ ਦਲ ਦਾ ਸੰਵਿਧਾਨ , ਅਕਾਲੀ ਕਾਨਫਰੰਸਾਂ ਚ ਪਾਸ ਕੀਤੇ ਮਤੇ, ਅਕਾਲੀ ਦਲ ਦੇ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਵਾਹਦੇ , ਰਾਜੀਵ ਲੌਂਗੋਵਾਲ ਸਮਝੌਤਾ ਤੇ ਬਹੁਤ ਅਹਿਮ ਦਸਤਾਵੇਜ ਇਸ ਕਿਤਾਬ ਦਾ ਹਿੱਸਾ ਹਨ।
ਜਗਤਾਰ ਸਿੰਘ ਦੀ ਕਿਤਾਬ ਤੋਂ ਬਾਦ ਜਿਹੜੀ ਦੂਸਰੀ ਕਿਤਾਬ ਦਾ ਜਿਕਰ ਕਰਨਾ ਬਣਦਾ ਹੈ ਉਹ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਕਿਤਾਬ। ਇਸ ਵਿਚ “ਦੀ ” ਸਭ ਤੋਂ ਵੱਧ ਮਹਤਤਾ ਹੈ। ਇਸ ਵਿਚ ਕੋਈ ਸੰਦੇਹ ਹੀ ਨਹੀਂ ਕੇ ਪੰਥ ਰਤਨ ਗੁਰਚਰਨ ਸਿੰਘ ਟੋਹੜਾ ਪੰਜਾਬ ਦੇ ਰਾਜਨੀਤੀ ਦੇ ਵਿਸ਼ੇਸ ਸਖਸ਼ੀਅਤ ਰਹੇ ਹਨ। ਉਹ ਕਈ ਦਹਾਕੇ ਪੰਜਾਬ ਦੇ ਪੰਥਕ ਤੇ ਅਕਾਲੀ ਰਾਜਨੀਤੀ ਦੇ ਥਮ ਰਹੇ। ਹਾਲੇ ਵੀ ਉਹ ਇਸ ਵਿਚੋਂ ਮਨਫ਼ੀ ਨਹੀਂ ਹੋਏ ਹਾਲਾਂਕਿ ਉਹਨਾਂ ਨੂੰ ਇਸ ਦੁਨੀਆ ਛੱਡੇ ਨੂੰ ਦੋ ਦਹਾਕੇ ਹੋ ਗਏ ਨੇ। ਇਸ ਕਿਤਾਬ ਦਾ ਨਾਮ ਹੈ ” ਜਥੇਦਾਰ ਗੁਰਚਰਨ ਸਿੰਘ ਟੋਹੜਾ ਦਾ ਸਾਬਤ ਕਦਮੀ , ਨੰਗੇ ਪੈਰੀਂ ਸਿਦਕੀ ਸਫਰ”। ਇਹ ਕਿਤਾਬ ਉਨ੍ਹਾਂ ਦਾ ਲੰਬਾ ਸਮਾਂ ਸਾਥੀ ਰਹੇ ਮਾਲਵਿੰਦਰ ਸਿੰਘ ਮਾਲੀ ਨੇ ਸੰਪਾਦਿਤ ਕੀਤੀ ਹੈ ਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ , ਚੰਡੀਗੜ੍ਹ ਨੇ ਛਪਵਾਈ ਹੈ।
ਕਿਤਾਬ ਜਥੇਦਾਰ ਟੋਹੜਾ ਵਲੋਂ ਸੀਨੀਅਰ ਪੱਤਰਕਾਰ ਤੇ ਸਾਹਿਤਕਾਰ ਪਿਆਰਾ ਸਿੰਘ ਭੋਗਲ ਨਾਲ ਉਨ੍ਹਾਂ ਦੀ ਲੰਬੀ ਰਿਕਾਰਡ ਕੀਤੀ ਹੋਈ ਗਲਬਾਤ ਤੇ ਅਧਾਰਤ ਹੈ। ਇਸ ਨੂੰ ਛਪਾਉਣ ਚ ਲਗਭਗ ਇਕ ਸਾਲ ਲੱਗ ਗਿਆ । ਗੱਲਬਾਤ ਵੀਡੀਓ ਕੈਸੇੱਟ ਵਿਚ ਰਿਕਾਰਡ ਕੀਤੀ ਗਈ ਸੀ। ਪਰ ਉਹਨਾਂ ਦੀ ਕੁਆਲਟੀ ਖ਼ਰਾਬ ਹੋ ਗਈ ਸੀ। ਤਕਨੀਕੀ ਮਾਹਿਰਾਂ ਦੀ ਮਦਦ ਨਾਲ ਪਹਿਲਾਂ ਇਹ ਵੀਡਿਓਜ਼ ਦੀ ਰਿਕਾਰਡਿੰਗ ਕੰਪੈਟ ਡਿਸਕਾਂ ( ਸੀ ਡੀਆਂ ) ਤੇ ਉਤਾਰੀ ਤੇ ਫਿਰ ਇਹਨਾਂ ਨੂੰ ਸੁਣਕੇ ਵਾਰਤਾ ਚ ਬਦਲਿਆ। ਕਿਤਾਬ ਚ ਬਹੁਤ ਦਿਲਚਸਪ ਜਾਣਕਾਰੀ ਹੈ। ਮਾਲੀ ਦਾ ਕਹਿਣਾ ਹੈ ” ਜਥੇਦਾਰ ਦੇ ਜਿੰਦਗੀਨਾਮੇ ਤੇ ਸਵੈ ਕਥਨ ਤੇ ਅਧਾਰਿਤ ਇਹ ਕਿਤਾਬ ” ਪਾਠਕਾਂ ਤੇ ਜਗਿਆਸੂਆਂ ਦੇ ਬਹੁਤ ਭਰਮ ਭੁਲੇਖੇ ਦੂਰ ਕਰਦੀ ਹੈ ਜੋ ਧਰਮ ਅਤੇ ਸਿਆਸਤ ਤੋਂ ਇਲਾਵਾ ਧਾਰਮਿਕ ਅਦਾਰਿਆਂ ਦੇ ਪ੍ਰਬੰਧ ਅਤੇ ਸਿਆਸਤ ਬਾਰੇ ਪਾਏ ਹੋਏ ਨੇ। ” ਉਸਦਾ ਕਹਿਣਾ ਹੈ ਕੇ ਕਿਤਾਬ 1947 ਦੇ ਅਜਾਦੀ ਅਤੇ ਪੰਜਾਬ ਦੀ ਤਕਸੀਮ ਤੋਂ ਬਾਅਦ ਕੇਂਦਰ ਦੀ ਸਿੱਖ ਪੰਥ , ਅਕਾਲੀ ਦਲ ਅਤੇ ਪੰਜਾਬ ਬਾਰੇ ਪਹੁੰਚ ਅਤੇ ਅਕਾਲੀ ਲੀਡਰਸ਼ਿਪ ਦੇ ਨਿਜ ਅਤੇ ਸਵਾਰਥ ਦੇ ਬਖੀਏ ਉਧੇੜਦੀ ਹੈ।
ਟੋਹੜਾ ਸਾਹਿਬ ਨੇ ਕਿਤਾਬ ਵਿਚ ਪੰਜਾਬ ਦੀ ਰਾਜਨੀਤੀ , ਕੇਂਦਰ ਦੀ ਰਾਜਨੀਤੀ ਤੇ ਕੇਂਦਰੀ ਰਾਜਨੀਤਕ ਆਗੂਆਂ ਬਾਰੇ ਵੱਡੇ ਖੁਲਾਸੇ ਕੀਤੇ ਹਨ। ਉਹਨਾਂ ਨੇ ਬਾਦਲ ਬਾਰੇ, ਸੰਤ ਹਰਚੰਦ ਸਿੰਘ ਲੌਂਗੋਵਾਲ , ਸੰਤ ਜਰਨੈਲ ਸਿੰਘ ਬਾਰੇ, ਗਿਆਨੀ ਜ਼ੈਲ ਸਿੰਘ ਬਾਰੇ ਵੀ ਆਪਣੇ ਖੁਲ ਕੇ ਵਿਚਾਰ ਰੱਖੇ ਹਨ। ਉਹਨਾਂ ਦੀ ਕਿਸ ਨਾਲ ਕਿਹੋ ਜਿਹੀ ਸਾਂਝ ਰਹੀ , ਇਸ ਤੇ ਵੀ ਇਹ ਕਿਤਾਬ ਝਾਤ ਪਵਾਉਂਦੀ ਹੈ। ਵੱਡੇ ਸਰਦਾਰਾ ਦੀ ਅਕਾਲੀ ਰਾਜਨੀਤੀ ਵਿਚ ਸ਼ਮੂਲੀਅਤ ਬਾਰੇ ਟੋਹੜਾ ਸਾਹਿਬ ਦੇ ਵਿਚਾਰ ਸਖਤ ਹਨ। ਉਹਨਾਂ ਦਾ ਵਿਚਾਰ ਸੀ ਕੇ ਇਹਨਾਂ ਸਰਦਾਰਾਂ ਵਿੱਚੋ ਜਿਆਦਾ ਮੌਕਾ ਪ੍ਰਸਤ ਹੀ ਸਨ। ਪਰ ਬਾਦਲ ਬਾਰੇ ਉਹ ਕਹਿੰਦੇ ਨੇ ਕੇ ” ਬਾਦਲ ਇਕ ਧੁਨ ਤੇ ਹੀ ਚਲਦਾ ਰਿਹਾ। ਦਿੱਲੀ ਇਸਨੂੰ ਖਰੀਦ ਨਹੀਂ ਸਕੀ। ਹੋਰਾਂ ਨੂੰ ਦਿੱਲੀ ਖ੍ਰੀਦ ਦੀ ਰਹੀ। ” ਇਹਦੀ ਵੀ ਹੋ ਸਕਦੀ ਸੀ। ਪਰ ਉਹਨਾਂ ਦੀ ਖਰੀਦੋ—ਫਰੋਖਤ ਵਿਚ ਬਾਦਲ ਨਹੀਂ ਆਇਆ। ਇਹਨੇ ਪੰਥਕ ਸੋਚ ਨੂੰ ਤਿਲਾਂਜਲੀ ਨਹੀਂ ਦਿੱਤੀ। ਵੱਡੇ ਸਰਦਾਰਾਂ ਵਿਚ ਮੈਂ ਕੇਵਲ ਇਹ ਆਦਮੀ ਦੇਖਿਆ ਐ ਜੋ ਆਪਣੇ ਰਾਜਨੀਤਿਕ ਜੀਵਨ ਦੇ ਵਿਚ ਇਕ ਰਾਹ ਤੇ ਚਲਦਾ ਰਿਹਾ , ਨਹੀਂ ਹੋਰ ਸਾਰੇ ਜਦੋਂ ਮੁੱਲ ਪਿਆ ਇਧਰ , ਓਧਰ ਤੁਰ ਜਾਂਦੇ ਰਹੇ।
ਟੋਹੜਾ ਦੀ ਮੁਰਾਰ ਜੀ ਦੇਸਾਈ ਨਾਲ ਪਹਿਲੀ ਮੁਲਾਕਾਤ ਸਮੇ ਹੀ ਖੜਕ ਗਈ ਸੀ। 1977 ਚ ਜਨਤਾ ਪਾਰਟੀ ਚੋਣਾਂ ਜਿੱਤ ਗਈ ਸੀ। ਇਸ ਦੀ ਕੇਂਦਰ ਚ ਸਰਕਾਰ ਬਣਨੀ ਸੀ।
ਬਾਦਲ ਨੇ ਕਿਹਾ ਕੇ ਮੁਰਾਰ ਜੀ ਨੂੰ ਮਿਲਕੇ ਆਈਏ। “ਮੈਂ , ਜਗਦੇਵ ਸਿੰਘ ਤਲਵੰਡੀ , ਬਾਦਲ ਤੇ ਕਰਨਲ ਪ੍ਰਤਾਪ ਸਿੰਘ ਗਿੱਲ ਮਿਲਣ ਚਲੇ ਗਏ। ਕੁਝ ਗੱਲਾਂ ਹੋਈਆਂ। ਫਿਰ ਕਰਨਲ ਗਿੱਲ ਨੇ ਗੱਲ ਤੋਰ ਲਈ। ਮੁਰਾਰ ਜੀ ਨੂੰ ਕਿਹਾ ਕੇ ਤੁਸੀਂ ਪ੍ਰਧਾਨ ਮੰਤਰੀ ਬਣ ਜਾਣਾ ਤੇ ਫਿਰ ਪੰਜਾਬ ਦੀਆ ਸਾਰੀਆਂ ਮੰਗਾ ਮੱਲ ਲੈਣੀਆਂ। ਫੌਜ ਵਿਚ ਭਰਤੀ ,ਜਿੰਨੀ ਅੰਗਰੇਜਾਂ ਸਮੇ ਪੰਜਾਬ ਚੋਂ ਹੁੰਦੀ ਸੀ , ਉਹ ਬਹਾਲ ਕਰ ਦੇਣੀ। ਕੁਝ ਹੋਰ ਮੰਗਾਂ ਦਾ ਜਿਕਰ ਕੀਤਾ। ਮੁਰਾਰ ਜੀ ਨੇ ਅਗੋਂ ਜਵਾਬ ਦਿੱਤਾ ਕੇ ਉਹ ਭਾਰਤੀ ਵਾਲੀ ਮੰਗ ਨਾਲ ਸਹਿਮਤ ਨਹੀਂ। ਇਹ ਸਿਰਫ ਅਬਾਦੀ ਦੇ ਲਿਹਾਜ ਨਾਲ ਹੋਣੀ ਚਾਹੀਦੀ ਹੈ। ਹੋਰ ਰਾਜ ਵੀ ਹਨ , ਪੰਜਾਬ ਇੱਕਲਾ ਤਾਂ ਨਹੀਂ।
ਟੋਹੜਾ ਸਾਹਿਬ ਨੇ ਮੁਰਾਰ ਜੀ ਨੂੰ ਕਿਹਾ ਕੇ ਫਿਰ ਦਾਣੇ ਵੀ ਅਬਾਦੀ ਦੇ ਹਿਸਾਬ ਨਾਲ ਲੈ ਲਿਆ ਕਰੋ। ਫਿਰ ਮੁਰਾਰ ਜੀ ਚੁੱਪ ਕਰ ਗਿਆ। ਕਰਨਲ ਗਿੱਲ ਕਹਿਣ ਲੱਗਿਆ ਕੇ “ਜਿਥੇ ਸਾਡੀ ਗੱਲ ਆਉਂਦੀ ਉਥੇ ਅਬਾਦੀ ਵਿਚ ਲੈ ਆਉਨੇ ਹੋ। ਅਸੀਂ ਸਾਰੇ ਦੇਸ਼ ਦਾ ਢਿੰਡ ਭਰਦੇ ਹਾਂ। ਜਾ ਫਿਰ ਗੁਜਰਾਤ ਤੋਂ ਲੈ ਲਿਆ ਕਰੋ ਦਾਣੇ। ਕਾਫੀ ਗਰਮਾ ਗਰਮੀ ਹੋ ਗਈ ਮੇਰੀ ਤੇ ਮੁਰਾਰਜੀ ਦੀ । ਹੋਰ ਕੋਈ ਨਹੀਂ ਬੋਲਿਆ। ਸਾਰੇ ਸੁੰਨ ਬੈਠੇ ਰਹੇ। ਫਿਰ ਟਕਰਾ ਕੇਂਦਰੀ ਵਜ਼ਾਰਤ ਵਿਚ ਮੰਤਰੀ ਬਨਉਣ ਤੇ ਹੋਇਆ। ਮੈਂ ਸਾਹਿਬ ਬਸੰਤ ਸਿੰਘ ਖਾਲਸਾ ਨੂੰ ਮੰਤਰੀ ਬਣਾਉਣਾ ਚਾਹੁੰਦੇ ਸਨ। ਮੁਰਾਰਜੀ ਨੇ ਮੈਨੂੰ ਕਿਹਾ ਜਿਸ ਕੋ ਆਪ ਕਹਿ ਰਹੇ ਹੋ ਉਸਕੋ ਨਹੀਂ ਲੂੰਗਾ। ਧੰਨਾ ਸਿੰਘ ਗੁਲਸ਼ਨ ਕੋ ਮੰਤਰੀ ਲੂੰਗਾ। ਫਿਰ ਪਾਣੀਆਂ ਦੇ ਮੁਦੇ ਤੇ ਕਸਮਕਸ਼ ਹੋਈ ਕਿਉਂਕਿ ਮੁਰਾਰਜੀ ਨੇ ਕੋਈ ਹੁੰਗਾਰਾ ਨਾ ਭਰਿਆ ਤੇ ਕਹਾ ‘ ਅੱਛਾ ਸੋਚੇਂਗੇ “.
ਅਗਲਾ ਟਕਰਾ ਦਿੱਲੀ ਗੁਰਦਵਾਰਾ ਕਮੇਟੀ ਲਈ ਕੋਤਵਾਲੀ ਮੰਗਣ ਤੇ ਹੋਇਆ। ਦਿੱਲੀ ਕਮੇਟੀ ਨੇ ਮੁਰਾਰਜੀ ਤੋਂ ਸਮਾਂ ਲਿਆ ਹੋਇਆ ਸੀ। ਉਹ ਟੌਹੜਾ ਸਾਹਿਬ ਨੂੰ ਵੀ ਨਾਲ ਲੈ ਗਏ। ਜਦੋਂ ਵਫ਼ਦ ਅੰਦਰ ਵੜਿਆ ਤਾਂ ਮੁਰਾਰ ਜੀ ਨਾ ਬੈਠਣ ਨੂੰ ਕਿਹਾ। ਕਹਿਣ ਲੱਗਿਆ ਆਪ ਇਨਕੇ ਸਾਥ ਕੈਸੇ ਆ ਗਏ। ” ਮੈਂ ਕਿਹਾ ਪਹਿਲੇ ਤੋਂ ਆਪ ਕੋ ਹਮੇਂ ਬੈਠਨੇ ਕੇ ਲੀਏ ਕਹਿਣਾ ਚਾਹੀਏ ਥਾਂ। ਫਿਰ ਸਵਾਲ ਕਰਤੇ। ਯੇ ਕੋਈ ਨੈਤਿਕਤਾ ਨਹੀਂ ਹੈ। ਕਹਿੰਦਾ ਅੱਛਾ — ਅੱਛਾ ਬੈਠੀਏ। ਬੈਠ ਗਏ ਜੀ। ਬੈਠ ਕੇ ਮੈਂ ਕਿਹਾ ਮੈਂ ਦੱਸਦਾਂ ਬਈ ਕਿਵੇਂ ਆ ਗਏ। ਇਕ ਤਾਂ ਜਿਸ ਕੰਮ ਲਈ ਇਹ ਆਏ ਨੇ, ਉਹ ਕੰਮ ਸਾਰੇ ਸਿੱਖਾਂ ਦਾ ਸਾਂਝਾ ਕੰਮ ਹੈ। ਦੂਜਾ ਇਹ ਦਿੱਲੀ ਗੁਰਦੁਆਰਾ ਕਮੇਟੀ ਦਾ ਡੈਪੁਟੇਸ਼ਨ ਐ। ਮੈਂ ਵੀ ਦਿੱਲੀ ਕਮੇਟੀ ਦਾ ਮੈਂਬਰ ਆਂ। ਅੱਛਾ — ਅੱਛਾ, ਬਾਤ ਕਰੀਏ। ਬਾਤ, ਮੈਂ ਕਿਹਾ ਇਹ ਕਰੇਂਗੇ ਪਹਿਲਾਂ। ਫਿਰ ਜਿਵੇਂ ਕੋਛੜ ਵਿਚਾਰਾ ਵਪਾਰੀ ਜਾ ਆਦਮੀ ਸੀ, ਉਹ ਫਿਰ ਕਹਿਣ ਲੱਗਿਆ, ਮੁਰਾਰ ਜੀ ਭਾਈ ਬੜੀ ਸੋਭਾ ਹੋ ਰਹੀ ਹੈ, ਬੜੀ ਫਲਾਣਾ ਹੋ ਰਹੀ ਐ। ਸਾਨੂੰ ਕੋਤਵਾਲੀ ਦੇ ਦੋ। ਮੁਰਾਰ ਜੀ ਕਹਿੰਦਾ ਅਗਰ ਮੈਂ ਸੰਤ ਤੇਗ ਬਹਾਦਰ ਕੋ ਕੋਤਵਾਲੀ ਦੇ ਦੂੰ ਤੋ ਦਿੱਲੀ ਮੇਂ ਤੋ ਬਹੁਤ ਸੰਤ ਫਕੀਰ ਹੈਂ। ਫਿਰ ਤੋ ਬਹੁਤ ਕੁਛ ਦੇਨਾ ਪੜੇਗਾ।”
” ਮੈਂ ਕਿਹਾ ਮੋਰਾਰ ਜੀ ਭਾਈ ਮੈਂ ਦਖਲ ਨਹੀਂ ਸੀ ਦੇਣਾ ਚਾਹੁੰਦਾ, ਪਹਿਲਾਂ ਤਾਂ ਆਪਣਾ ਬੋਲਣਾ ਠੀਕ ਕਰੋ। ਗੁਰੂ ਤੇਗ ਬਹਾਦਰ ਜੀ ਸੰਤ ਨਹੀਂ, ਉਹਨਾਂ ਨੂੰ “ਗੂਰੂ ਤੇਗ ਬਹਾਦਰ, ਹਿੰਦ ਦੀ ਚਾਦਰ” ਕਹਿੰਦੇ ਨੇ ਲੋਕ। ਤਿਲਕ ਜੰਜੂ ਦਾ ਰਾਖਾ ਐ ਉਹ। ਗੁਰੂ ਤੇਗ ਬਹਾਦਰ ਕਹੋ। ਮੇਰੇ ਵੱਲ ਟੀਰਾ ਜਾ ਦੇਖ ਕੇ ਕਹਿੰਦਾ ਅੱਛਾ—ਅੱਛਾ ਗੁਰੂ ਤੇਗ ਬਹਾਦਰ। ਫਿਰ ਕਹਿੰਦਾ ਮੈਂ ਨਹੀਂ ਦੇਤਾ। ਉਹ ਕਹਿੰਦੇ ਦਿਉ ਜੀ। ਨਾਂਹ ਨਾ ਕਰੋ। ਉਹ ਕਹਿੰਦਾ ਮੈਨੇ ਬੋਲ ਦੀਆ ਹੈ, ਮੇਰਾ ਤੋ ਡਿਪਾਰਟਮੈਂਟ ਹੀ ਨਹੀਂ । ਜਾਓ, ਆਪ ਚੌਧਰੀ ਚਰਨ ਸਿੰਘ ਸੇ ਮਿਲ ਲੋ। ਓਦੋਂ ਦੀ ਸਾਡੀ ਨੋਕ—ਝੋਕ ਆਹ ਹੋਈ।” ਇਹ ਖੁਲਾਸਾ ਆਪਣੀ ਮੂੰਹ ਬੋਲੀ ਜੀਵਨ ਕਥਾ ਚ ਟੌਹੜਾ ਨੇ ਕੀਤਾ ਹੈ।
ਟੌਹੜਾ ਅਗੇ ਦੱਸਦੇ ਨੇ ‘ ਫੇਰ ਇਕ ਮੌਕਾ ਆਇਆ ਜੀ। ਉਸ ਦਿਨ ਬਹੁਤ ਜੰਗ ਹੋਈ। ਉਹ ਮੌਕਾ ਸੀ ਜਦੋਂ ਕਾਨ੍ਹਪੁਰ ਵਿਚ ਨਿਰੰਕਾਰੀਆਂ ਨੇ ਸਿੱਖ ਮਾਰ ਦਿੱਤੇ। ਅਸੀਂ ਉਹਨਾਂ ਦਾ ਸਸਕਾਰ ਕਰਾ ਕੇ ਆਏ ਸੀ। ਮੈਂ ਅਤੇ ਜਗਦੇਵ ਸਿੰਘ ਤਲਵੰਡੀ। ਸਾਡੇ ਜਾਂਦਿਆਂ ਨੂੰ ਬਾਦਲ ਸਾਹਬ ਤਲਬ ਕੀਤੇ ਹੋਏ ਸੀ ਦਿੱਲੀ। ਇਹਨਾਂ ਨੇ ਨੀ ਦੱਸਿਆ ਬਈ ਸਾਨੂੰ ਤਲਬ ਕੀਤਾ ਗਿਆ। ਮੈਂ ਤੇ ਤਲਵੰਡੀ ਸਾਹਬ ਉਥੇ ਆਏ। ਅਜੇ ਆਏ ਈ ਆਂ। ਇਹਨਾਂ ਨੂੰ ਪਤਾ ਸੀ ਸਾਡੇ ਪ੍ਰੋਗਰਾਮ ਦਾ। ਇਹ ਕਹਿੰਦੇ ਆਪਾਂ ਨੇ ਪ੍ਰਧਾਨ ਮੰਤਰੀ ਨੂੰ ਮਿਲਣਾ। ਮੈਂ ਇਹਨਾਂ ਨੂੰ ਕਿਹਾ ਦੇਖੋ, ਮੇਰੇ ਬਾਰ ਬਾਰ ਲੜਨ ਦਾ ਕੋਈ ਲਾਭ ਨਹੀਂ। ਕੱਬਾ ਬੋਲਣੋਂ ਉਹ ਨਹੀਂ ਹਟਦਾ, ਜਵਾਬ ਦਿੱਤੇ ਬਿਨਾਂ ਮੈਥੋਂ ਨੀ ਰਹਿ ਹੁੰਦਾ। ਤੁਸੀਂ ਦੋਨੋਂ ਜਾ ਆਓ। ਨਹੀਂ ਜੀ, ਕਹਿੰਦੇ ਤੁਸੀਂ ਨਾਲ ਚੱਲੋ। ਮੈਂ ਕਿਹਾ ਮੈਂ ਨਹੀਂ ਜਾਣਾ, ਮੈਂ ਬਿਲਕੁਲ ਇਨਕਾਰੀ ਹੋ ਗਿਆ। ਬਾਦਲ ਕਹਿੰਦਾ ਨਹੀਂ ਜੀ ਨਹੀਂ, ਚਲੋ ਤਿੰਨੇ ਜਣੇ ਇਕੱਠੇ ਚੱਲਦੇ ਐਂ। ਬਾਦਲ ਸਾਹਬ ਨੇ ਸੈਂਸਰ ਲਾਤਾ ਸੀ ਐਧਰ ਪੰਜਾਬ ਚ ” ਹਿੰਦ ਸਮਾਚਾਰ” ਤੇ। ਉਸਨੇ 1978 ਦੇ ਨਿਰੰਕਾਰੀ ਵਾਕੇ ਤੋਂ ਬਾਅਦ ਨਿਰੰਕਾਰੀ ਬਾਬੇ ਉਤੇ ਪਾਬੰਦੀ ਲਾ ਤੀ ਸੀ ਪੰਜਾਬ ਵੜਨ ਤੇੇ। ਇਹਦੇ ਲਈ ਬਾਦਲ ਨੂੰ ਤਲਬ ਕੀਤਾ ਸੀ, ਬਈ ਤੂੰ ਪਾਬੰਦੀ ਲਾਈ ਐ ਬਾਬੇ ਤੇ ਸੈਂਸਰ ਲਾਇਆ।’
ਬਾਦਲ ਉਦੋਂ ਕੇਂਦਰੀ ਖੇਤੀਬਾੜੀ ਮੰਤਰੀ ਹੁੰਦਿਆਂ ਵਜਾਰਤ ਛੱਡ ਏ ਆਇਆ ਸੀ। ਉਥੇ ਫੇਰ ਬਰਨਾਲਾ ਮੰਤਰੀ ਬਣ ਗਿਆ। ਇਹ ਮੁੜ ਕੇ ਪੰਜਾਬ ਦਾ ਚੀਫ ਮਨਿਸਟਰ ਬਣ ਗਿਆ ਸੀ। ਅਸੀਂ ਮੁਰਾਰਜੀ ਦੇ ਸਾਊਥ ਬਲਾਕ ਚ ਦਫਤਰ ਗਏ। ਦਰਵਾਜ਼ਾ ਖੋਲਿ੍ਆ ਸੇਵਾਦਾਰ ਨੇ। ਪਤਾ ਸੀ ਉਹਨੂੰ ਟਾਇਮ ਦਾ। ਦੇਸਾਈ ਨੇ ਨਾ ਕੋਈ ਗੱਲ ਨਾ ਬਾਤ, ਬੈਠਣ ਨੂੰ ਵੀ ਨਹੀਂ ਕਿਹਾ। ਜਾਂਦਾ ਈ ਬਾਦਲ ਨੂੰ ਮੁਖਾਤਬ ਹੋ ਕੇ ਕਹਿੰਦਾ ਸਰਦਾਰ ਸਾਹਬ ਐਸੇ ਕੈਸੇ ਕਾਮ ਚਲੇਗਾ? ਐਸੇ ਨਹੀਂ ਕਾਮ ਚਲੇਗਾ, ਜੈਸੇ ਆਪ ਚਲਾਨਾ ਚਾਹਤੇ ਹੋ। ਆਪ ਨੇ ਵਹਾਂ ਸੈਂਸਰਸ਼ਿਪ ਲਗਾ ਦੀ ਅਖਬਾਰੋਂ ਕੇ ਊਪਰ। ਵਹਾਂ ਆਪ ਨੇ ਬਾਬਾ ਨਿਰੰਕਾਰੀ ਕੇ ਉਪਰ ਪਾਬੰਦੀ ਲਗਾ ਦੀ। ਆਪ ਨਹਿਰ ਨਹੀਂ ਖੋਦਨੇ ਦੇਤੇ ਹਰਿਆਣਾ ਕੀ। ਆਪ ਕੇ ਵੋ ਸਟੂਡੈਂਟਸ ਨੇ ਯਹਾਂ ਬਸੇ ਤੋੜ ਦੀਂ। ਇਹ ਦੋਨੋਂ ਚੁੱਪ , ਜਿਵੇਂ ਜਾਨ ਈ ਨਹੀਂ ਹੁੰਦੀ, ਬੁੱਤ ਖੜ੍ਹੇ ਹੁੰਨੇ ਐਂ। ਮੈਂ ਕਿਹਾ ਮੋਰਾਰ ਜੀ ਭਾਈ ਮੈਨੇ ਪਹਿਲੇ ਭੀ ਕਹਾ ਹੈ ਕਿ ਨੈਤਿਕਤਾ ਇਹ ਹੈ ਕਿ ਪਹਿਲੇ ਆਪ ਹਮੇਂ ਬੈਠਾਈਏ, ਫਿਰ ਬਾਤ ਕੀਜੀਏ। ਹਮ ਅਪਨੀ ਬਾਤ ਸੁਨਾਨੇ ਆਏ ਹੈਂ, ਆਪ ਨੇ ਆਪਣਾ ਲੈਕਚਰ ਸ਼ੁਰੂ ਕਰ ਲਿਆ। ਫਿਰ ਉਹ ਐਨਕਾਂ ਜੀਆਂ ਥਾਈਂ ਦੇਖਕੇ ਕਹਿੰਦਾ ਅੱਛਾ ਬੈਠੀਏ।’
ਫਿਰ ਉਹ ਕਹਿੰਦਾ ਆਪ ਸੁਨਾਈਏ, ਕਿਆ ਸੁਨਾਨਾ ਚਾਹਤੇ ਹੋ। ‘ ਮੈਂ ਕਿਹਾ ਬਈ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਅਸੀਂ ਥੋਨੂੰ ਕਾਨ੍ਹਪੁਰ ਦੀ ਓ ਦੱਸਣਾ ਚਾਹੁੰਨੇ ਐਂ। ਜੇ ਤੁਸੀਂ ਉਸ ਬੰਦੇ ਦੀ ਗਤੀਵਿਧੀ ਬੰਦ ਰਖੋਂ, ਤਾਂ ਫਸਾਦਾਤ ਨਹੀਂ ਹੋਣਗੇ। ਉਹ ਆਦਮੀ 18 ਬੰਦਿਆਂ ਦਾ ਕਾਤਲ ਐ, ਜਿੱਥੇ ਜਾਂਦਾ ਐ ਤੇ ਸਿੱਖਾਂ ਨੂੰ ਚਿੜਾੳਂਦਾ ਹੈ। ਤੇ ਸਿੱਖਾਂ ਦੇ ਚਿੜਨ ਨਾਲ ਉਥੇ ਫੇਰ ਮੁਜ਼ਾਹਰੇ ਹੁੰਦੇ, ਝਗੜੇ ਹੁੰਦੇ ਨੇ। ਉਹ ਗੋਲੀ ਚਲਾ ਦਿੰਦਾ ਐ। ਬਈ ਉਹਨੂੰ ਕੋਈ ਪੁੱਛਦਾ ਨਹੀੱ। ਅਸੀਂ ਕਾਨ੍ਹਪੁਰ ਤੋਂ ਆਏ ਹਾਂ। ਅਲਾਹਾਬਾਦ ਦੇ ਡਿਪਟੀ ਕਮਿਸ਼ਨਰ ਨੇ ਸਿੱਖਾਂ ਆਗੂਆਂ ਨੂੰ ਮੀਟਿੰਗ ਦੀ ਆਗਿਆ ਨਹੀਂ ਦਿੱਤੀ, ਕਹਿੰਦਾ ਮੈਂ ਨਹੀਂ ਮਿਲਣਾ।
ਤੇ ਫਿਰ ਨਿਰੰਕਾਰੀ ਬਾਬਾ ਕਾਨ੍ਹਪੁਰ ਗਿਆ। ਕਾਨ੍ਹਪੁਰ ਦੇ ਡੀ. ਸੀ. ਨੇ ਵੀ ਦਫਾ 144 ਲਾ ਤੀ ਤਾਂ ਕੇ ਸਿੱਖ ਪ੍ਰਦਰਸ਼ਨ ਨਾ ਕਰ ਸਕਣ। ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੈ ਨੇ ਤੇ ਲਾਠੀਚਾਰਜ ਕਰਦੇ ਨੇ । ਇਸ ਆਦਮੀ ਦੇ ਜਾਣ ਨਾਲ ਸਿੱਖ ਭੜਕਦੇ ਐ, ਇਹ ਐਨੇ ਬੰਦਿਆਂ ਦਾ ਕਾਤਲ ਐ। ਤੁਸੀਂ ਉਹਨੂੰ ਨੀ ਕਹਿ ਸਕਦੇ 4 ਦਿਨ ਘਰ ਬੈਠ ਤੂੰ। ਮੈਨੂੰ ਕਹਿੰਦਾ ਆਪ ਦਫਾ 44 ਕੇ ਮਾਇਨੇ ਸਮਝਾਨੇ ਆਏ ਹੈਂ । ਮਖਾਂ ਮੈਂ ਨਹੀਂ ਸਮਝਾਉਣ ਆਇਆ। ਮੈਨੂੰ ਪਤੈ ਕਿ ਤੁਸੀਂ ਆਪਣੀ ਜਿੰਦਗੀ ਬਤੌਰ ਏ ਮੈਜਿਸਟਰੇਟ ਆਰੰਭ ਕੀਤੀ ਐ। ਤੁਹਾਨੂੰ ਦਫਾ 44 ਦੀ ਖੂਬ ਸਮਝ ਹੈ। ਉਹ ਬੜਾ ਚਿੜਿਆ। ਮੈਂ ਤੂਹਾਨੂੰ ਪਹਿਲਾਂ ਵੀ 10 ਵਾਰੀ ਦੱਸਿਆ ਬਈ ਤੁਸੀਂ ਦਾਤੇ ਨਾ ਬਣ ਕੇ ਬੈਠੋ । ਅਸੀਂ ਭਿਖਾਰੀ ਬਣਨ ਨੂੰ ਤਿਆਰ ਨਹੀਂ ।
ਅਸੀਂ ਤੁਹਾਨੂੰ ਸਹੀ ਗੱਲ ਦੱਸਦੇ ਹਾਂ। ਤੁਸੀਂ ਸਾਡੇ ਮੁੱਖ ਮੰਤਰੀ ਨੂੰ ਡਾਂਟਦੇ ਓ । ਇਹ ਕਿਓਂ ਨਾ ਪਾਬੰਦੀ ਲਾਵੇ । ਹੋਰ ਦੱਸੋ ਇਹ ਫਸਾਦ ਕਰਾਵੇ ਪੰਜਾਬ ਦੇ ਵਿਚ । ਕਹਿੰਦੇ ਉਹ ਸਟੂਡੇੈਂਟਸ ਨੇ ਬਸੇਂ ਤੋੜ ਦੀਂ। ਬਾਦਲ ਸਾਹਬ ਕਹਿੰਦੇ ਉਸ ਕਾ ਪ੍ਰਬੰਧਕ ਤੋ ਜਥੇਦਾਰ ਸਤੋਖ ਸਿੰਘ ਹੈ। ਕਹਿੰਦਾ ਸੰਤੋਖ ਸਿੰਘ ਵੀ ਅਕਾਲੀ ਹੈ। ਕਹਿੰਦੇ ਜੀ ਉਹ ਤਾਂ ਕਾਂਗਰਸ ਨਾਲ ਐ। ਕਹਿੰਦਾ ਨਹੀਂ — ਨਹੀਂ, ਜੋ ਕਾਲੀ ਪਗੜੀ ਬਾਂਧਤਾ ਹੈ, ਬਰਾਬਰ ਅਕਾਲੀ ਹੋਤਾ ਹੈ। ਤਾਂ ਉਹਦੇ ਨਾਲ ਜੀ ਮੇਰੀ ਬਹੁਤ ਖੜਕੀ । ਮੈਨੂੰ ਕਹਿੰਦਾ ਬਈ ਹਮਾਰੇ ਯਹਾਂ ਰਜਨੀਸ਼ ਬੈਠਾ ਹੈ, ਵੋਹ ਭਗਵਾਨ ਕਹਿਤਾ ਹੈ। ਮਖਾਂ ਆਪ ਬੁਜ਼ਦਿਲ ਹੈਂ, ਕਾਇਰ ਹੈਂ। ਐਸੇ ਭਗਵਾਨ ਕੋ ਪਹੁੰਚਾ ਦੀਜੀਏ ਧਰਮਰਾਜ ਕੇ ਪਾਸ। ਹਮ ਨੇ ਕਿਆ ਲੇਨਾ। ਹਮਾਰਾ ਝਗੜਾ ਉਸ ਸੇ ਕੋਈ ਨਹੀਂ ਹੈ।
ਬਰਨਾਲਾ ਤੇ ਗੁਲਸ਼ਨ ਦਾ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ
ਇਸਦੇ ਬਾਅਦ ਸਾਡੀ ਮੀਟਿੰਗ ਹੋਈ ਵਰਕਿੰਗ ਕਮੇਟੀ ਦੀ। ਅਸੀਂ ਸੁਰਜੀਤ ਸਿੰਘ ਬਰਨਾਲੇ ਅਰ ਧੰਨਾ ਸਿੰਘ ਗੁਲਸ਼ਨ ਨੂੰ ਅਸਤੀਫੇ ਦੇਣ ਲਈ ਕਹਿ ਦਿੱਤੋ । ਛੱਡ ਦੋ ਇਹ ਗੌਰਮਿੰਟ। ਇਹਨਾਂ ਨੇ ਅਸਤੀਫੇ ਦੇ ਦਿੱਤੇ। ਸਾਡੀ ਫੇਰ ਮੀਟਿੰਗ ਹੋਈ, ਉਥੇ ਬੁਲਾਏ ਦਿੱਲੀ। ਮੁਰਾਰ ਜੀ ਗੱਲ ਕਰਨੀ ਸੀ। ਪਹਿਲਾਂ ਬੁਲਾਏ ਅਟਲ ਬਿਹਾਰੀ ਵਾਜਪਾਈ ਨੇ, ਫਿਰ ਅਡਵਾਨੀ ਨੇ। ਬਲਰਾਮ ਜੀ ਦਾਸ ਟੰਡਨ, ਬਲਵੰਤ ਸਿੰਘ, ਬਰਨਾਲਾ ਔਰ ਸਰਦਾਰ ਬਾਦਲ, ਇਹ ਸਾਰੇ ਗਏ। ਮੈਂ ਕਿਹਾ ਬਈ ਉਹ ਅਵਤਾਰ ਬਾਣੀ ਚ ਜਿਹੜਾ ਸਾਡੇ ਵਿਰੁੱਧ ਲਿਖਿਆ ਉਹ ਕੱਢ ਦੇਣ। ਗੌਰਮਿੰਟ ਉਹਦੀ ਢਾਲ ਨਾ ਬਣੇ, ਫੇਰ ਅਸੀਂ ਵਿਚਾਰ ਕਰ ਲਾਂਗੇ, ਅਸਤੀਫੇ ਵਾਪਸ ਲੈ ਲਾਂਗੇ। ਉਹ ਕਹਿੰਦੇ ਹੋ ਜਾਏਗਾ, ਅਸੀਂ ਐਲਾਨ ਕੱਲ੍ਹ ਨੂੰ ਕਰਾ ਦਿੰਨੇ ਐਂ। ਮੁਰਾਰ ਜੀ ਤੋਂ ਕਰਵਾਉਂਨੇ ਐਂ, ਅਟਲ ਬਿਹਾਰੀ ਜੀ ਕਹਿੰਦੇ। ਉਹ ਫੇਰ ਗੱਲ ਇੱਥੇ ਅੜ ਗਈ ਬਈ ਉਹ ਕਹਿੰਦੇ ਮੁਰਾਰ ਜੀ ਕੋਲ ਚੱਲੋ। ਮੈਂ ਕਿਹਾ ਜੀ ਮੈਂ ਨਹੀਂ ਜਾਣਾ, ਕਿੳਂਕਿ ਮੇਰੀ ਫਿਰ ਲੜਾਈ ਹੋਣੀ ਐ। ਤੁਸੀਂ ਜੇ ਕਰਵਾ ਸਕਦੇ ਓ, ਇਹ ਸਾਡੇ ਬੰਦਿਆ ਦੀ, ਸਾਡੀ ਵਰਕਿੰਗ ਕਮੇਟੀ ਦੀ ਤਸੱਲੀ ਕਰਵਾ ਦੋ, ਸਾਨੂੰ ਤਾਂ ਕੋਈ ਇਤਰਾਜ਼ ਨਹੀਂ ।
ਬਾਦਲ ਸਾਹਬ ਨੇ ਕਿਹਾ ਬਈ ਮੇਰੇ ਬਿਨਾਂ ਅਸੀਂ ਜਾਣਾ ਈ ਨਹੀਂ। ਉਹ ਸਾਰੇ ਮੇਰੀਆਂ ਮਿੰਨਤਾਂ ਕਰਨ ਲੱਗ ਗਏ। ਮਖਾਂ ਚੰਗਾ ਮੇਰੀ ਇਕ ਸ਼ਰਤ ਐ ਬਈ ਮੈਂ ਨਹੀਂ ਬੋਲਣਾ ਕੁੱਛ ਵੀ। ਫਿਰ ਜੀ ਉਹਦੇ ਕੋਲ ਅਸੀਂ ਗਏ। ਉਹਨੇ ਪਹਿਲੀ ਦਫਾ ਸਾਨੂੰ ਉਥੇ ਚਾਹ ਵੀ ਪਿਲਾਈ ਤੇ ਪਕੋੜੇ—ਪਕੂੜੇ ਵੀ, ਬਰਫੀ ਵੀ ਖਵਾਈ। ਇਹ ਤਿੰਨ ਸੀਟਰ ਸੋਫਾ ਸੀ। ਮੈਂ ਬੈਠਾ ਸੀ, ਬਾਦਲ ਸਾਹਬ ਬੈਠੇ ਸੀ। ਹੋਰ ਵੀ ਸਾਰੇ ਵਾਜਪਾਈ ਵੀ ਸਭ ਬੈਠੇ ਸੀ। ਉਹ ਆਇਆ ਤੇ ਆ ਕੇ ਜਿਹੜਾ ਬਾਦਲ ਸਾਹਬ ਦੇ ਬਰਾਬਰ ਥਾਂ ਖਾਲੀ ਸੀ, ਉਹਤੇ ਬੈਠ ਗਿਆ। ਬੈਠਣ ਤੋਂ ਬਾਅਦ ਸਾਰਿਆਂ ਨੂੰ ਪਲੇਟਾਂ ਫੜਾਈਆਂ। ਬਰਫੀ ਆ ਗਈ, ਮੈਂ ਪਲੇਟ ਏ ਨਹੀਂ ਫੜੀ। ਫਿਰ ਉਹ ਦੇਖ ਕੇ ਕਹਿੰਦਾ ਆਪ ਨਹੀ ਖਾਤੇ, ਮੇਰੇ ਸੇ ਨਰਾਜ਼ ਹੋ ਕਿਆ? ਮੈਂ ਅਜੇ ਜਵਾਬ ਦੇਣਾ ਈ ਸੀ, ਬਾਦਲ ਸਾਹਬ ਝੱਟ ਬੋਲ ਪਿਆ। ਨਹੀਂ ਜੀ, ਇਹਨਾਂ ਨੂੰ ਗਾਲ ਬਲੈਡਰ ਦੀ ਤਕਲੀਫ ਹੈ। ਉਹ ਇਹ ਸਟੋਨ—ਸਟੂਨ ਐ। ਇਹ ਖਾਂਦੇ ਨਹੀਂ ਐਹੀ ਜੀ ਚੀਜ਼। ਤੇ ਉਹ ਫੇਰ ਮੈਨੂੰ ਕਹਿੰਦਾ ਅੱਛਾ, ਫਿਰ ਤੋ ਗਾਲ ਬਲੈਡਰ ਨਿਕਲਵਾ ਦੇਨਾ ਚਾਹੀਏ। ਓਪਰੇਸ਼ਨ ਕਰਵਾ ਦਿਓ। ਇਸ ਕਾ ਕੋਈ ਫਾਇਦਾ ਨਹੀਂ।
ਮੈਂ ਜੀ ਉਹਨੂੰ ਹਾਂ ਜਾਂ ਨਾਂਹ, ਕੁਛ ਵੀ ਨਹੀਂ ਕਿਹਾ ਤੇ ਚਾਹ ਪੀ ਕੇ ਆ ਗੇ। ਇਹ ਕਹਿੰਦੇ ਤੁਸੀਂ ਚਾਹ ਵੀ ਨਹੀਂ ਪੀਤੀ। ਮੈਂ ਕਿਹਾ ਮੈਂ ਐਹਦਾ ਕੁੱਛ ਨਹੀਂ ਪੀਣਾ। ਉਹਨੇ ਅਨਾਉਂਸਮੈਂਟ ਕਰ ਤੀ ਬਈ ਅਵਤਾਰ ਬਾਣੀ ਚ ਜਿਹੜੀਆਂ ਇਤਰਾਜ਼ਯੋਗ ਗੱਲਾਂ ਅਕਾਲੀ ਲਿਖ ਕੇ ਦੇਣਗੇ ਸਾਨੂੰ, ਜਾਂ ਸਾਡੇ ਨੋਟਿਸ ਵਿਚ ਆਉਣਗੀਆਂ, ਉਹ ਅਸੀਂ ਕਢਾਵਾਂਗੇ। ਮਨਿਸਟਰ ਫੇਰ ਰਹਿ ਗਏ। ਮੇਰਾ ਭਾਵ ਇਹ ਹੈ ਕਿ ਹਿੰਦੂਸਤਾਨ ਦਾ ਪ੍ਰਧਾਨ ਮੰਤਰੀ ਇਨ੍ਹਾਂ ਕੱਟੜ ਨਹੀਂ ਹੋਣਾ ਚਾਹੀਦਾ।
ਬਾਦਲ ਬਰਨਾਲਾ ਪ੍ਰਧਾਨ ਮੰਤਰੀ ਮੂਹਰੇ ਕੁਸਕਦੇ ਵੀ ਨਹੀਂ ਸਨ
ਬਾਦਲ ਸਾਹਿਬ ਮੁਰਾਰ ਜੀ ਤੋਂ ਬਹੁਤ ਡਰਦੇ ਸੀ। ਇਹ ਜਵਾਬ ਦੇਣ ਲਈ ਉਨੇ ਚੁਸਤ ਵੀ ਨਹੀਂ ਸੀ। ਜਦੋਂ ਅਸੀਂ ਵਾਪਸ ਆਏ ਜੀ, ਮੇਰੇ ਫਲੈਟ ਤੇ ਆ ਗਏ। ਬਾਦਲ ਸਾਹਬ ਕਹਿੰਦੇ ਜੀ ਕਪੂਰਥਲਾ ਹਾਊਸ ਚੱਲੋ। ਮੈਂ ਕਿਹਾ ਜੀ ਮੈਂ ਨਹੀਂ ਜਾਣਾ। ਕਹਿੰਦੇ ਨਹੀਂ ਜੀ ਚੱਲੋ ਜੀ ਉਥੇ ਚਾਹ ਪੀ ਕੇ ਤੁਸੀਂ ਆ ਜਿਓ ਜੀ। ਮੈ ਕਿਹਾ ਬਈ ਮੈਂ ਬਿਲਕੁਲ ਨਹੀਂ ਜਾਣਾ। ਮੈਨੂੰ ਅਸਲ ਵਿੱਚ ਓਦੋਂ ਰੋਣ ਆਇਆ, ਇਹਨਾਂ ਦੇ ਸਾਹਮਣੇ। ਮੈਂ ਕਿਹਾ ਬਈ ਜਿਹਨਾਂ ਦੇ ਤੁਹਾਡੇ ਵਰਗੇ ਦੋਸਤ ਹੋਣ, ਉਹਨਾਂ ਨੂੰ ਦੁਸ਼ਮਣਾਂ ਦੀ ਕੋਈ ਲੋੜ ਨਹੀਂ। ਤੁਸੀਂ ਤਮਾਸ਼ਾ ਈ ਵੇਖੀ ਗਏ, ਤੁਸੀਂ ਪ੍ਰੋਟੈਸਟ ਕਰਦੇ, ਤੁਸੀਂ ਉਠ ਕੇ ਤੁਰਦੇ। ਜੇ ਮੈਂ ਇਕੱਲਾ ਤੁਰਦਾ, ਤੁਸੀਂ ਮੇਰੇ ਨਾਲ ਸ਼ਾਇਦ ਨਾ ਤੁਰਦੇ ਤੇ ਫੇਰ ਵੀ ਗੱਲ ਖਰਾਬ ਹੋਣੀ ਸੀ। ਮੈਂ ਕਿਹਾ ਆਪਾਂ ਉਹਦਾ ਸਹੁਰੇ ਦਾ ਦਿੱਤਾ ਖਾਂਦੇ ਆਂ।
ਮੈਂ ਤਾਂ ਇਕ ਵੱਡੀ ਮੁਰਾਰ ਜੀ ਵਾਲੀ ਘਟਨਾ ਦਾ ਜਿਕਰ ਕੀਤਾ ਹੈ। ਇਸ ਕਿਤਾਬ ਚ ਹੋਰ ਬਹੁਤ ਕੁਝ ਦਿਲਚਸਪ ਹੈ। ਮੈਂ ਨਹੀਂ ਚਾਉਂਦਾ ਕੇ ਮੈਂ ਸਾਰਾ ਕੁਝ ਇਥੇ ਲਿਖ ਕੇ ਤੁਹਾਡੀ ਕਿਤਾਬ ਪੜ੍ਹਨ ਦੀ ਰੌਚਕਤਾ ਨੂੰ ਪ੍ਰਭਾਵਤ ਕਰਾਂ। ਪੜ੍ਹਨ ਵਾਲੀ ਕਿਤਾਬ ਹੈ ਇਹ। ਇਸ ਤੋਂ ਬਹੁਤ ਜਾਣਕਾਰੀ ਹਾਸਿਲ ਹੋਵੇਗੀ।
ਸਰਬਜੀਤ ਧਾਲੀਵਾਲ
