ਜਲੰਧਰ–ਪਿਛਲੇ ਲੰਮੇ ਸਮੇਂ ਤੋਂ ਜਲੰਧਰ ਨਗਰ ਨਿਗਮ ਦੀ ਕਾਰਜਪ੍ਰਣਾਲੀ ’ਤੇ ਸਵਾਲ ਉੱਠਦੇ ਰਹੇ ਹਨ। ਨਾਗਰਿਕਾਂ ਨੂੰ ਸੀਵਰੇਜ, ਵਾਟਰ ਸਪਲਾਈ ਅਤੇ ਸਫ਼ਾਈ ਵਰਗੀਆਂ ਬੁਨਿਆਦੀ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਸੀ, ਜਦਕਿ ਸਬੰਧਤ ਨਿਗਮ ਅਧਿਕਾਰੀ ਸ਼ਿਕਾਇਤਾਂ ਦੇ ਬਾਵਜੂਦ ਕੋਈ ਕੰਮ ਨਹੀਂ ਕਰ ਰਹੇ ਸਨ। ਅਜਿਹੇ ਅਧਿਕਾਰੀਆਂ ਨੂੰ ਜਵਾਬਦੇਹ ਵੀ ਨਹੀਂ ਬਣਾਇਆ ਜਾ ਰਿਹਾ ਸੀ ਪਰ ਹੁਣ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਲਾਪ੍ਰਵਾਹ ਸਾਬਿਤ ਹੋ ਰਹੇ ਅਧਿਕਾਰੀਆਂ ’ਤੇ ਜ਼ਬਰਦਸਤ ਕਾਰਵਾਈ ਕੀਤੀ ਹੈ।
ਕਮਿਸ਼ਨਰ ਗੌਤਮ ਜੈਨ ਨੇ ਜਾਰੀ ਕੀਤੇ ਗਏ ਹੁਕਮ ਵਿਚ ਲਿਖਿਆ ਹੈ ਕਿ ਗਾਜ਼ੀਗੁੱਲਾ ਇਲਾਕੇ ਵਿਚ ਸੀਵਰੇਜ ਦੀ ਸਮੱਸਿਆ ਪਿਛਲੇ ਕਾਫ਼ੀ ਸਮੇਂ ਤੋਂ ਬਣੀ ਹੋਈ ਹੈ। ਇਸ ਸਬੰਧ ਵਿਚ ਕਈ ਵਾਰ ਮੌਕੇ ਦਾ ਮੁਆਇਨਾ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ ਗਏ ਸਨ। ਇੰਨਾ ਹੀ ਨਹੀਂ, ਆਕਾਸ਼ ਗਵਰਨਮੈਂਟ ਕਾਂਟ੍ਰੈਕਟਰ ਫਰਮ ਨੂੰ ਕੰਮ ਅਲਾਟ ਵੀ ਕਰ ਦਿੱਤਾ ਗਿਆ ਸੀ ਪਰ ਇਕ ਮਹੀਨਾ ਬੀਤਣ ਦੇ ਬਾਵਜੂਦ ਕੋਈ ਕੰਮ ਸ਼ੁਰੂ ਨਹੀਂ ਕੀਤਾ ਗਿਆ। ਇਸ ਨਾਲ ਨਾ ਸਿਰਫ਼ ਜਨਤਾ ਪ੍ਰੇਸ਼ਾਨ ਹੋਈ, ਸਗੋਂ ਮੀਂਹ ਦੇ ਮੌਸਮ ਨੂੰ ਵੇਖਦੇ ਹੋਏ ਹਾਲਾਤ ਹੋਰ ਵੀ ਬਦਤਰ ਹੋਣ ਦਾ ਖਦਸ਼ਾ ਹੈ।
ਇਸ ਗੰਭੀਰ ਲਾਪ੍ਰਵਾਹੀ ਲਈ ਨਿਗਮ ਕਮਿਸ਼ਨਰ ਨੇ 3 ਵੱਡੇ ਐਕਸ਼ਨ ਲਏ ਹਨ। ਐੱਸ. ਈ. ਰਾਹੁਲ ਗਗਨੇਜਾ (ਓ. ਐਂਡ ਐੱਮ. ਸੈੱਲ) ਨੂੰ ਸ਼ੋਅਕਾਜ਼ ਨੋਟਿਸ ਜਾਰੀ ਕਰਕੇ 24 ਘੰਟਿਆਂ ਅੰਦਰ ਜਵਾਬ ਤਲਬ ਕੀਤਾ ਗਿਆ ਹੈ। ਐਕਸੀਅਨ ਸੁਖਵਿੰਦਰ ਸਿੰਘ ਨੂੰ ਤੁਰੰਤ ਚਾਰਜਸ਼ੀਟ ਕਰਨ ਦੇ ਹੁਕਮ ਦਿੱਤੇ ਗਏ ਹਨ ਅਤੇ ਇਸ ਮਾਮਲੇ ਦੀ ਜਾਣਕਾਰੀ ਸਰਕਾਰ ਨੂੰ ਭੇਜਣ ਨੂੰ ਵੀ ਕਿਹਾ ਗਿਆ ਹੈ। ਐੱਸ. ਡੀ. ਓ. ਗੁਰਸ਼ਰਨ ਸਿੰਘ ਨੂੰ ਨੌਕਰੀ ਤੋਂ ਟਰਮੀਨੇਟ ਕਰਨ ਸਬੰਧੀ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਹਨ।
ਇਸ ਦੇ ਨਾਲ ਹੀ ਆਕਾਸ਼ ਗਵਰਨਮੈਂਟ ਕਾਂਟ੍ਰੈਕਟਰ ਫਰਮ ਨੂੰ ਇਸ ਮਾਮਲੇ ਵਿਚ ਸਭ ਤੋਂ ਵੱਡੀ ਲਾਪ੍ਰਵਾਹੀ ਮੰਨਦੇ ਹੋਏ ਬਲੈਕਲਿਸਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਨੂੰ ਕਿਹਾ ਗਿਆ ਹੈ ਅਤੇ 3 ਦਿਨਾਂ ਅੰਦਰ ਇਸ ’ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਮੰਨਿਆ ਜਾ ਰਿਹਾ ਹੈ ਕਿ ਨਗਰ ਨਿਗਮ ਦਾ ਓ. ਐਂਡ ਐੱਮ. ਸੈੱਲ ਲੰਮੇ ਸਮੇਂ ਤੋਂ ਲਾਪ੍ਰਵਾਹ ਅਤੇ ਨਕਾਰਾ ਸਾਬਿਤ ਹੋ ਰਿਹਾ ਸੀ, ਜਿਸ ਨਾਲ ਸਰਕਾਰ ਦੇ ਅਕਸ ਨੂੰ ਵੀ ਨੁਕਸਾਨ ਪਹੁੰਚ ਰਿਹਾ ਸੀ। ਕਮਿਸ਼ਨਰ ਗੌਤਮ ਜੈਨ ਦੇ ਇਸ ਸਖ਼ਤ ਐਕਸ਼ਨ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਨਗਰ ਨਿਗਮ ਦੀ ਕਾਰਜਪ੍ਰਣਾਲੀ ਵਿਚ ਸੁਧਾਰ ਹੋਵੇਗਾ ਅਤੇ ਅਧਿਕਾਰੀ ਹੁਣ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਨਿਭਾਉਣਗੇ।
