ਪੰਜਾਬ ਰਾਜ ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਸਿਵਲ ਸਕੱਤਰੇਤ ਵਿਖੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਹੋਈ ਹੈ। ਇਸ ਮੀਟਿੰਗ ਵਿੱਚ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਨਰਿੰਦਰ ਮੋਹਣ ਸ਼ਰਮਾ ਅਤੇ ਜਰਨਲ ਸਕੱਤਰ ਸੁਨੀਲ ਦੱਤ ਦੀ ਅਗਵਾਈ ਹੇਠ ਜਥੇਬੰਦੀ ਵੱਲੋਂ ਆਪਣਾ ਪੱਖ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਇਹ ਮੀਟਿੰਗ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਅਤੇ ਡਾਇਰੈਕਟਰ ਡਾ. ਜਸਮਿੰਦਰ ਕੌਰ ਦੀ ਹਾਜ਼ਰੀ ਵਿੱਚ ਸਦਭਾਵਨਾ ਪੂਰਵਕ ਮਾਹੌਲ ਵਿੱਚ ਹੋਈ।
ਜਾਣਕਾਰੀ ਦਿੰਦਿਆਂ ਪ੍ਰੈੱਸ ਸਕੱਤਰ ਕਰਮਜੀਤ ਸਿੰਘ ਮਾਨ ਨੇ ਦੱਸਿਆ ਕਿ 700 ਦੇ ਕਰੀਬ ਖਾਲੀ ਅਸਾਮੀਆਂ ਵਿੱਚੋਂ 350 ਨੂੰ ਤੁਰੰਤ ਪਬਲਿਸ਼ ਕਰਨ ਅਤੇ ਬਾਕੀਆਂ ਨੂੰ ਐਫ.ਡੀ. ਵੱਲ ਭੇਜਣ ਦਾ ਭਰੋਸਾ ਦਿੱਤਾ ਗਿਆ ਅਤੇ ਨਵਨਿਯੁਕਤ ਫਾਰਮੇਸੀ ਅਫਸਰਾਂ ਨੂੰ ਕੇਂਦਰੀ ਜਾਂ 5ਵੇਂ ਤਨਖਾਹ ਸਕੇਲ ਦੇਣ ’ਤੇ ਵੀ ਸਹਿਮਤੀ ਬਣੀ ਹੈ।
ਇਸ ਮੌਕੇ ਫਾਰਮੇਸੀ ਕੇਡਰ ਦੀ ਪੁਨਰਰਚਨਾ, ਡਰੱਗ ਵੇਅਰ ਹਾਊਸ ’ਚ ਨਵੀਆਂ ਅਸਾਮੀਆਂ, ਆਨਲਾਈਨ ਡਿਸਪੈਂਸਿੰਗ ਵਿੱਚ ਆ ਰਹੀਆਂ ਸਮੱਸਿਆਵਾਂ, ਅਤੇ ਤਰੱਕੀਆਂ ਦੇ ਮਾਮਲਿਆਂ ’ਚ ਤੁਰੰਤ ਕਾਰਵਾਈ ਲਈ ਹੁਕਮ ਜਾਰੀ ਹੋਏ। ਜਥੇਬੰਦੀ ਵੱਲੋਂ ਅਮਰਨਾਥ ਯਾਤਰਾ ਡਿਊਟੀ ਦੌਰਾਨ ਆ ਰਹੀਆਂ ਮੁਸ਼ਕਲਾਂ ਦਾ ਮੁੱਦਾ ਵੀ ਮੰਤਰੀ ਮਾਹਮਣੇ ਉਠਾਇਆ ਗਿਆ। ਇਸ ਦੌਰਾਨ ਸਿਹਤ ਮੰਤਰੀ ਡਾਂ ਬਲਬੀਰ ਵੱਲੋਂ ਰੁਕੀਆਂ ਪ੍ਰਮੋਸ਼ਨਾਂ ਨੂੰ ਇੱਕ ਮਹੀਨੇ ਵਿੱਚ ਨਿਪਟਾਉਣ ਅਤੇ ਬਦਲੀਆਂ ਨੂੰ ਪਾਰਦਰਸ਼ੀ ਢੰਗ ਨਾਲ ਕਰਨ ਦੇ ਨਿਰਦੇਸ਼ ਦਿੱਤੇ ਗਏ।