ਅੰਮ੍ਰਿਤਸਰ: ਗਿਆਨੀ ਹਰਪ੍ਰੀਤ ਸਿੰਘ ਨਾਲ ਵਿਵਾਦ ਕਾਰਨ 15 ਅਕਤੂਬਰ 2024 ’ਚ ਸ਼੍ਰੋਮਣੀ ਅਕਾਲੀ ਦਲ ’ਚੋਂ 10 ਸਾਲਾਂ ਲਈ ਕੱਢੇ ਗਏ ਪਾਰਟੀ ਦੇ ਸਾਬਕਾ ਸੀਨੀਅਰ ਆਗੂ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਉਨ੍ਹਾਂ ਵਿਰੁੱਧ ਲਏ ਗਏ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਪਹੁੰਚੇ ਵਲਟੋਹਾ ਨੇ ਇੰਚਾਰਜ ਬਗੀਚਾ ਸਿੰਘ ਨੂੰ ਆਪਣਾ ਬੇਨਤੀ ਪੱਤਰ ਸੌਂਪਿਆ। ਇਸ ਪੱਤਰ ’ਚ ਪ੍ਰੋ. ਵਲਟੋਹਾ ਨੇ ਲਿਖਿਆ ਕਿ 15 ਅਕਤੂਬਰ 2024 ਨੂੰ ਉਨ੍ਹਾਂ ਦੇ ਸਬੰਧ ’ਚ ਪਾਸ ਕੀਤੇ ਗਏ ਆਦੇਸ਼ ’ਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਵਲਟੋਹਾ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਅੰਮ੍ਰਿਤਧਾਰੀ ਹਨ। ਸਿੱਖ ਸਿਧਾਂਤਾਂ ਤੇ ਨੈਤਿਕਤਾ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਨ। ਕਦੇ ਵੀ ਕੋਈ ਅਜਿਹਾ ਅਪਰਾਧ ਨਹੀਂ ਕੀਤਾ ਜੋ ਧਾਰਮਿਕ ਜਾਂ ਨਾਗਰਿਕ ਮਾਣ-ਸਨਮਾਨ ਨੂੰ ਠੇਸ ਪਹੁੰਚਾਉਂਦਾ ਹੋਵੇ। ਫਿਰ ਵੀ ਇਕ ਭੁੱਲਣਹਾਰ ਸਿੱਖ ਹੋਣ ਦੇ ਨਾਤੇ, ਮੈਂ ਗੁਰੂ ਪੰਥ ਤੋਂ ਆਪਣੀ ਹਰ ਗਲਤੀ ਲਈ ਮਾਫ਼ੀ ਮੰਗਦਾ ਹਾਂ, ਭਾਵੇਂ ਉਹ ਜਾਣਬੁੱਝ ਕੇ ਹੋਵੇ ਜਾਂ ਅਣਜਾਣੇ ’ਚ ਹੋ ਗਈ ਹੋਵੇ। ਵਲਟੋਹਾ ਨੇ ਜਥੇਦਾਰ ਨੂੰ ਲਿਖਿਆ ਕਿ ਮੈਂ ਤੁਹਾਨੂੰ ਇਹ ਵੀ ਭਰੋਸਾ ਦਿਵਾਉਂਦਾ ਹਾਂ ਕਿ ਭਵਿੱਖ ’ਚ ਤੁਹਾਨੂੰ ਮੇਰੇ ਵਲੋਂ ਸ਼ਿਸ਼ਟਾਚਾਰ, ਗੁਰਮਤਿ ਅਤੇ ਸਿਧਾਂਤਾਂ ਦੀ ਉਲੰਘਣਾ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੇਗੀ।
ਵਲਟੋਹਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ’ਤੇ ਭਾਜਪਾ ਤੇ ਆਰਐੱਸਐੱਸ ਦੇ ਦਬਾਅ ਹੇਠ ਆਉਂਣ ਦਾ ਦੋਸ਼ ਲਗਾਇਆ ਸੀ। ਇਸ ’ਚ ਵਲਟੋਹਾ ਦਾ ਮੁੱਖ ਨਿਸ਼ਾਨਾ ਗਿਆਨੀ ਹਰਪ੍ਰੀਤ ਸਿੰਘ ’ਤੇ ਸੀ। ਜਥੇਦਾਰਾਂ ਨਾਲ ਉਨ੍ਹਾਂ ਦਾ ਤਣਾਅ ਉਦੋਂ ਹੋਰ ਵੀ ਵਧ ਗਿਆ ਜਦੋਂ 12 ਅਕਤੂਬਰ 2024 ਨੂੰ ਵਲਟੋਹਾ ਨੇ ਸੋਸ਼ਲ ਮੀਡੀਆ ’ਤੇ ਇਹ ਦੋਸ਼ ਲਗਾਇਆ। ਇਸ ਤੋਂ ਬਾਅਦ 15 ਅਕਤੂਬਰ ਨੂੰ ਪੰਜ ਸਿੰਘ ਸਾਹਿਬਾਨ ਨੇ ਇਕ ਮੀਟਿੰਗ ਬੁਲਾਈ ਅਤੇ ਵਲਟੋਹਾ ਨਾਲ ਲੰਮਾਂ ਸਮਾਂ ਸਪੱਸ਼ਟੀਕਰਨ ਕਰਨ ਸਬੰਧੀ ਗੱਲਬਾਤ ਵੀ ਕੀਤੀ। ਵਲਟੋਹਾ ਨੇ ਫਿਰ ਵੀ ਆਪਣੀ ਗਲਤੀ ਮੰਨਦੇ ਹੋਏ ਲਿਖਤੀ ਮਾਫੀ ਪੱਤਰ ਦੇ ਦਿੱਤਾ। ਇਸ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਨੇ ਪਾਰਟੀ ਦੇ ਤਤਕਾਲੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਵਲਟੋਹਾ ਨੂੰ 10 ਸਾਲਾਂ ਲਈ ਪਾਰਟੀ ’ਚੋਂ ਕੱਢਣ ਦਾ ਆਦੇਸ਼ ਜਾਰੀ ਕਰ ਦਿੱਤਾ।