ਪਾਕਿ ਦੇ ਨਿਸ਼ਾਨੇ ’ਤੇ ਸੀ ਹਰਿਮੰਦਰ ਸਾਹਿਬ ਤੇ ਪੰਜਾਬ ਦੇ ਕਈ ਸ਼ਹਿਰ

ਅੰਮ੍ਰਿਤਸਰ, 19 ਮਈOperation Sindoor: ਭਾਰਤੀ ਫੌਜ ਨੇ Operation Sindoor ਦੌਰਾਨ ਪਾਕਿਸਤਾਨ ਵੱਲੋਂ ਅੰਮ੍ਰਿਤਸਰ ’ਚ ਹਰਿਮੰਦਰ ਸਾਹਿਬ ਸਣੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਕੀਤੇ ਜਾਣ ਵਾਲੇ ਸੰਭਾਵੀ ਮਿਜ਼ਾਈਲ ਤੇ ਡਰੋਨ ਹਮਲਿਆਂ ਨੂੰ ਭਾਰਤੀ ਹਵਾਈ ਸੈਨਾ ਦੀ ਮਜ਼ਬੂਤ ਰੱਖਿਆ ਪ੍ਰਣਾਲੀ ਦੀ ਮਦਦ ਨਾਲ ਨਾਕਾਮ ਬਣਾਉਣ ਦਾ ਦਾਅਵਾ ਕੀਤਾ ਹੈ। ਫੌਜ ਨੇ ਮੀਡੀਆ ਨੂੰ ਪਾਕਿਸਤਾਨੀ ਮਿਜ਼ਾਈਲਾਂ ਤੇ ਡਰੋਨ ਦੇ ਮਲਬੇ ਦਿਖਾਏ, ਜਿਸ ਨੂੰ ਭਾਰਤੀ ਹਵਾਈ ਸੈਨਾ ਨੇ ਹਵਾ ਵਿਚ ਹੀ ਫੁੰਡ ਕੇ ਤਬਾਹ ਕਰ ਦਿੱਤਾ ਸੀ।

15 ਇਨਫੈਂਟਰੀ ਡਿਵੀਜ਼ਨ ਦੇ ਜਨਰਲ ਆਫੀਸਰ ਕਮਾਂਡਿੰਗ (GOC) ਮੇਜਰ ਜਨਰਲ ਕਾਰਤਿਕ ਸੀ. ਸ਼ੇਸ਼ਾਧਰੀ ਨੇ ਕਿਹਾ, ‘‘22 ਅਪਰੈਲ ਨੂੰ ਪਾਕਿਸਤਾਨ ਦੀ ਫੌਜ ਨੇ ਆਪਣੇ ਸਿਖਲਾਈਯਾਫ਼ਤਾ ਦਹਿਸ਼ਤਗਰਦਾਂ ਜ਼ਰੀਏ ਪਹਿਲਗਾਮ ਵਿਚ ਨਿਹੱਥੇ ਸੈਲਾਨੀਆਂ ’ਤੇ ਹਮਲਾ ਕਰਵਾਇਆ, ਜਿਸ ਬਾਰੇ ਕੁੱਲ ਆਲਮ ਜਾਣਦਾ ਹੈ। ਇਸ ਮਗਰੋਂ ਪੂਰੇ ਦੇਸ਼ ਵਿਚ ਫੁੱਟੇ ਗੁੱਸੇ ਦਰਮਿਆਨ ਭਾਰਤ ਨੇ ਮਜ਼ਬੂਤ ਅਗਵਾਈ ਵਿਚ Operation Sindoor ਦੀ ਸ਼ੁਰੂਆਤ ਕੀਤੀ।’’

ਉਨ੍ਹਾਂ ਦੱਸਿਆ ਕਿ Operation Sindoor ਤਹਿਤ ਭਾਰਤੀ ਫੌਜ ਨੇ ਸਿਰਫ਼ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤੇ ਇਸ ਦੌਰਾਨ ਕਿਸੇ ਆਮ ਨਾਗਰਿਕ ਜਾਂ ਫੌਜੀ ਟਿਕਾਣੇ ਨੂੰ ਨੁਕਸਾਨ ਨਹੀਂ ਪਹੁੰਚਾਇਆ। ਪਰ ਪਾਕਿਸਤਾਨ ਵੱਲੋਂ 7 ਮਈ ਦੀ ਰਾਤ ਨੂੰ ਜਾਣਕਾਰੀ ਮਿਲੀ ਕਿ ਉਥੋਂ ਦੀ ਫੌਜ ਧਾਰਮਿਕ ਅਸਥਾਨਾਂ, ਖਾਸ ਤੌਰ ’ਤੇ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੀ ਹੈ।

ਮੇਜਰ ਜਨਰਲ ਸ਼ੇਸ਼ਾਧਰੀ ਨੇ ਕਿਹਾ, ‘‘ਪਾਕਿਸਤਾਨ ਦਾ ਇਰਾਦਾ ਹਰਿਮੰਦਰ ਸਾਹਿਬ ’ਤੇ ਮਿਜ਼ਾਈਲਾਂ ਤੇ ਡਰੋਨਾਂ ਨਾਲ ਹਮਲਾ ਕਰਨ ਦਾ ਸੀ। ਸਾਨੂੰ ਜਿਵੇਂ ਹੀ ਪੁਖਤਾ ਜਾਣਕਾਰੀ ਮਿਲੀ, ਅਸੀਂ ਫੌਰੀ ਹਰਕਤ ਵਿਚ ਆਉਂਦਿਆਂ ਆਧੁਨਿਕ ਹਵਾਈ ਰੱਖਿਆ ਪ੍ਰਣਾਲੀਆਂ ਜਿਵੇਂ ਆਕਾਸ਼ ਮਿਜ਼ਾਈਲ ਸਿਸਟਮ ਤੇ L-70 ਏਅਰ ਡਿਫੈਂਸ ਗੰਨ ਤਾਇਨਾਤ ਕੀਤੀ। ਅਸੀਂ ਹਰਿਮੰਦਰ ਸਾਹਿਬ ਵੱਲ ਇਕ ਮਿਜ਼ਾਈਲ ਜਾਂ ਡਰੋਨ ਨਹੀਂ ਆਉਣ ਦਿੱਤਾ।’’

ਉਨ੍ਹਾਂ ਅੱਗੇ ਚੇਤਾਵਨੀ ਦਿੱਤੀ, ‘ਜੇ ਪਾਕਿਸਤਾਨ ਨੇ ਮੁੜ ਦਹਿਸ਼ਤਗਰਦਾਂ ਦਾ ਸਹਾਰਾ ਲਿਆ ਤਾਂ ਉਨ੍ਹਾਂ ਨੂੰ ਗੰਭੀਰ ਸਿੱਟੇ ਭੁਗਤਣੇ ਹੋਣਗੇ। Operation Sindoor ਸਿਰਫ਼ ਮੁਲਤਵੀ ਕੀਤਾ ਹੈ, ਸਮਾਪਤ ਨਹੀਂ ਹੋਇਆ। ਇਸ ਦਾ ਅਗਲਾ ਪੜਾਅ ਵਧੇਰੇ ਫੈਸਲਾਕੁਨ ਤੇ ਵਿਆਪਕ ਹੋਵੇਗਾ।’’

ਭਾਰਤੀ ਫੌਜ ਵੱਲੋਂ ਦਿਖਾਈਆਂ ਗਈਆਂ ਨੁਕਸਾਨੀਆਂ ਮਿਜ਼ਾਈਲ ਤੇ ਡਰੋਨ ਇਸ ਗੱਲ ਦਾ ਸਬੂਤ ਸੀ ਕਿ ਭਾਰਤੀ ਦੀਆਂ ਤਿਆਰੀ ਹਰ ਪੱਧਰ ’ਤੇ ਮਜ਼ਬੂਤ ਹਨ ਤੇ ਪਾਕਿਸਤਾਨ ਦੀ ਕਿਸੇ ਵੀ ਹਿਮਾਕਤ ਦਾ ਢੁੱਕਵਾਂ ਜਵਾਬ ਦੇਣ ਦੇ ਸਮਰੱਥ ਹਨ।

Leave a Reply

Your email address will not be published. Required fields are marked *