ਬਟਾਲਾ : ਬਟਾਲਾ ਨੇੜਲੇ ਪਿੰਡ ਸਹਾਬਪੁਰ ‘ਚ ਇੱਕ ਬੰਬਨੁਮਾ ਚੀਜ਼ ਮਿਲਣ ਨਾਲ ਪੁਲਿਸ ਤੇ ਏਜੰਸੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਸੂਚਨਾ ਮਿਲਣ ‘ਤੇ ਬਟਾਲਾ ਪੁਲਿਸ ਦੇ ਡੀਐਸਪੀ ਸਿਟੀ ਸੰਜੀਵ ਕੁਮਾਰ, ਐਸਐਚਓ ਗੁਰਦੇਵ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਵੱਖ-ਵੱਖ ਟੀਮਾਂ ਨਾਲ ਮੌਕੇ ‘ਤੇ ਪਹੁੰਚੇ। ਇਹ ਬੰਬਨੁਮਾ ਵਸਤੂ ਸਹਾਬਪੁਰ ਦੇ ਕਿਸਾਨ ਗੁਰਪਾਲ ਸਿੰਘ ਪੁੱਤਰ ਸਵਰਨ ਸਿੰਘ ਦੇ ਖੇਤਾਂ ‘ਚੋਂ ਮਿਲੀ ਹੈ। ਮੌਕੇ ‘ਤੇ ਇਕੱਠੇ ਹੋਏ ਪਿੰਡ ਵਾਸੀਆਂ ਅਨੁਸਾਰ ਰਾਤ ਕਰੀਬ 11:30 ਵਜੇ ਜ਼ੋਰਦਾਰ ਧਮਾਕਾ ਸੁਣਿਆ ਸੀ ਪਰ ਉਸ ਵੇਲੇ ਇਹ ਨਹੀਂ ਸੀ ਪਤਾ ਕਿ ਕੋਈ ਬੰਬਨੁਮਾ ਵਸਤੂ ਆਸ-ਪਾਸ ਖੇਤਾਂ ‘ਚ ਡਿੱਗੀ ਹੈ। ਮੌਕੇ ‘ਤੇ ਪੁੱਜੇ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਕਿਹਾ ਕਿ ਬੰਬਨੁਮਾ ਵਸਤੂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਡਰਨ ਦੀ ਲੋੜ ਨਹੀਂ ਪਰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਇਨੰ-ਬਿੰਨ ਕੀਤੀ ਜਾਵੇ।
ਪੁਲਿਸ ਦੇ ਅਧਿਕਾਰੀਆਂ ਅਨੁਸਾਰ ਇਹ ਚਾਇਨਾ ਮੇਡ ਪੀ-ਫਿਫਟੀਨ ਦਾ ਇਕ ਹਿੱਸਾ ਹੈ। ਬੀਤੀ ਰਾਤ ਪਾਕਿਸਤਾਨ ਵੱਲੋਂ ਦਾਗੀਆਂ ਗਈਆਂ ਮਿਜ਼ਾਈਲਾਂ ਜਿਨ੍ਹਾਂ ਨੂੰ ਏਅਰ ਡਿਫੈਂਸ ਸਿਸਟਮ ਰਾਹੀਂ ਨਕਾਮ ਕੀਤਾ ਗਿਆ ਹੈ, ਇਸ ਨੂੰ ਉਸੇ ਦਾ ਇੱਕ ਹਿੱਸਾ ਦੱਸਿਆ ਜਾ ਰਿਹਾ ਹੈ।