Kartarpur Corridor ਕੇਂਦਰੀ ਗ੍ਰਹਿ ਮੰਤਰਾਲੇ ਦੀ ਇਮੀਗ੍ਰੇਸ਼ਨ ਬਿਊਰੋ ਨੇ ਅਗਲੇ ਹੁਕਮਾਂ ਤੱਕ ਕਰਤਾਰਪੁਰ ਲਾਂਘਾ ਬੰਦ ਕਰ ਦਿੱਤਾ ਹੈ। ਇੰਟੈਗਰੇਟਿਡ ਚੈੱਕ ਪੋਸਟ ’ਤੇ ਇਕੱਤਰ ਹੋਏ 150 ਸ਼ਰਧਾਲੂਆਂ ਨੂੰ ਅੱਜ ਸਵੇੇਰੇ ਡੇਢ ਘੰਟੇ ਦੀ ਉਡੀਕ ਮਗਰੋਂ ਵਾਪਸ ਉਨ੍ਹਾਂ ਦੇ ਘਰਾਂ ਨੂੰ ਭੇਜ ਦਿੱਤਾ ਗਿਆ। ਹਾਲਾਂਕਿ ਸਵੇਰ ਤੋਂ ਹੀ ਇਹ ਖਦਸ਼ਾ ਸੀ ਕਿ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇੱਕ ਸ਼ਰਧਾਲੂ ਤਰਸੇਮ ਸਿੰਘ ਨੇ ਕਿਹਾ, ‘‘ਸਾਨੂੰ ਡੇਢ ਘੰਟੇ ਤੱਕ ਉਡੀਕ ਕਰਨ ਲਈ ਮਜਬੂਰ ਕੀਤਾ ਗਿਆ। ਇਸ ਮਗਰੋਂ ਇਮੀਗ੍ਰੇਸ਼ਨ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਪਾਕਿਸਤਾਨ ਸਥਿਤ ਗੁਰਦੁਆਰੇ ਵਿਚ ਜਾਣ ਦੀ ਇਜਾਜ਼ਤ ਨਹੀਂ ਹੈ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਅਗਲੇ ਹੁਕਮਾਂ ਤੱਕ ਲਾਂਘਾ ਬੰਦ ਕਰ ਦਿੱਤਾ ਗਿਆ ਹੈ।’’ ਇਕ ਹੋਰ ਸ਼ਰਧਾਲੂ ਸਤਨਾਮ ਕੌਰ ਨੇ ਕਿਹਾ, ‘‘ਜਦੋਂ ਵੀ ਲਾਂਘਾ ਮੁੜ ਖੁੱਲ੍ਹੇਗਾ ਤਾਂ ਸਾਨੂੰ ਫਿਰ ਤੋਂ ਆਨਲਾਈਨ ਅਰਜ਼ੀ ਦੇਣੀ ਪਵੇਗੀ।’’ ਕਾਬਿਲੇਗੌਰ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਅਜਿਹੀਆਂ ਅਫਵਾਹਾਂ ਸਨ ਕਿ ਲਾਂਘਾ ਬੰਦ ਕਰ ਦਿੱਤਾ ਜਾਵੇਗਾ। ਹਾਲਾਂਕਿ, ਅੱਜ ਸਵੇਰ ਤੱਕ ਅਜਿਹੀ ਕੋਈ ਗੱਲ ਨਹੀਂ ਸੀ, ਪਰ ਫਿਰ ਲਾਂਘਾ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ।