ਪਟਿਆਲਾ : ਪੰਜਾਬ ਭਾਜਪਾ ਹਰਿਆਣਾ ਨੂੰ ਪਾਣੀ ਦੇ ਖਿਲਾਫ ਹੈ। ਇਸ ਬਾਰੇ ਭਾਜਪਾ ਸੀਨੀਅਰ ਆਗੂ ਪ੍ਰਨੀਤ ਕੌਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਭਾਖੜਾ-ਬਿਆਸ ਮੈਨੇਜਮੈਂਟ ਬੋਰਡ (BBMB) ਦੀ ਹਾਲੀਆ ਮੀਟਿੰਗ ਵਿੱਚ ਹਰਿਆਣਾ ਨੂੰ 8500 ਕਿਊਸਿਕ ਪਾਣੀ ਦਿੱਤੇ ਜਾਣ ਦੇ ਫੈਸਲੇ ਨਾਲ ਪੰਜਾਬ ਦੇ ਹਿਤਾਂ ਨੂੰ ਗੰਭੀਰ ਢੰਗ ਨਾਲ ਨੁਕਸਾਨ ਪਹੁੰਚਿਆ ਹੈ। ਪੰਜਾਬ ਭਾਜਪਾ ਦਾ ਸਾਫ਼ ਸਟੈਂਡ ਹੈ ਕਿ ਸਾਡੇ ਕੋਲ ਕਿਸੇ ਹੋਰ ਰਾਜ ਨੂੰ ਵਾਧੂ ਪਾਣੀ ਦੇਣ ਲਈ ਇਕ ਬੂੰਦ ਵੀ ਨਹੀਂ ਹੈ। ਪੰਜਾਬ ਭਾਜਪਾ ਇਸ ਫੈਸਲੇ ਨਾਲ ਕੱਤਈ ਸਹਿਮਤ ਨਹੀਂ ਹੈ ਅਤੇ ਇਹ ਫੈਸਲਾ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।
ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਪਾਣੀ ਦੀ ਕਮੀ ਦੀ ਮਾਰ ਸਹਿ ਰਿਹਾ ਹੈ। ਪੰਜਾਬ ਦੇ 115 ਜ਼ੋਨ ਪਹਿਲਾਂ ਹੀ ਡਾਰਕ ਜ਼ੋਨ ਘੋਸ਼ਿਤ ਕੀਤੇ ਜਾ ਚੁੱਕੇ ਹਨ। ਇਸ ਲਈ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਡੈਮਾਂ ਦਾ ਪਾਣੀ ਪੱਧਰ ਲਗਾਤਾਰ ਘੱਟ ਰਿਹਾ ਹੈ । ਭਾਖੜਾ, ਪੌਂਗ ਅਤੇ ਰਣਜੀਤ ਸਾਗਰ ਵਰਗੇ ਮੁੱਖ ਪਾਣੀ ਸਰੋਤ ਆਮ ਪੱਧਰ ਤੋਂ ਕਾਫੀ ਥੱਲੇ ਹਨ। ਭਾਜਪਾ ਪੰਜਾਬ ਕਿਸੇ ਵੀ ਕੀਮਤ ’ਤੇ ਪੰਜਾਬ ਦੇ ਹਿਤਾਂ ਨੂੰ ਅਣਡਿੱਠਾ ਨਹੀਂ ਹੋਣ ਦੇਵੇਗੀ ਅਤੇ ਪੰਜਾਬ ਅਤੇ ਪੰਜਾਬੀਆਂ ਦੇ ਨਾਲ ਚਟਾਨ ਵਾਂਗ ਖੜੀ ਹੈ।