ਚੰਡੀਗੜ੍ਹ, 30 ਸਤੰਬਰ (ਦਲਜੀਤ ਸਿੰਘ)- ਦਿੱਲੀ ਤੋਂ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਮਗਰੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਆ ਗਏ ਹਨ। ਮੋਹਾਲੀ ਦੇ ਏਅਰਪੋਰਟ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਮੁੜ ਤੋਂ ਨਵਜੋਤ ਸਿੱਧੂ ’ਤੇ ਨਿਸ਼ਾਨੇ ਵਿੰਨ੍ਹੇ ਹਨ। ਕੈਪਟਨ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਲਈ ਸਹੀ ਨਹੀਂ ਹਨ। ਨਵਜੋਤ ਸਿੱਧੂ ਜਿਥੋ ਵੀ ਲੜਨ, ਉਹ ਉਸ ਨੂੰ ਕਦੇ ਵੀ ਜਿੱਤਣ ਨਹੀਂ ਦੇਣਗੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਾਰੇ ਬੋਲਦੇ ਹੋਏ ਕੈਪਟਨ ਨੇ ਕਿਹਾ ਕਿ ਚੰਨੀ ਦਾ ਕੰਮ ਸਰਕਾਰ ਚਲਾਉਣਾ ਹੈ ਅਤੇ ਨਵਜੋਤ ਸਿੱਧੂ ਦਾ ਕੰਮ ਪਾਰਟੀ ਨੂੰ ਚਲਾਉਣਾ ਹੈ।
ਇਸੇ ਲਈ ਚੰਨੀ ਦੇ ਕੰਮ ’ਚ ਨਵਜੋਤ ਸਿੱਧੂ ਨੂੰ ਕਿਸੇ ਤਰ੍ਹਾਂ ਦਾ ਕੋਈ ਦਖ਼ਲ ਨਹੀਂ ਦੇਣਾ ਚਾਹੀਦਾ। ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਪਾਰਟੀ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਕਾਂਗਰਸ ’ਚ ਨਹੀ ਰਹਾਂਗਾ ਅਤੇ ਭਾਜਪਾ ’ਚ ਨਹੀਂ ਜਾਵਾਂਗਾ। ਦੱਸ ਦੇਈਏ ਕਿ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਨੇ ਬੀਤੇ ਦਿਨ ਅਮਿਤ ਸ਼ਾਹ ਨਾਲ ਹੋਈ ਗੱਲਬਾਤ ਬਾਰੇ ਕੁਝ ਵੀ ਨਹੀਂ ਦੱਸਿਆ।