ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਡੂੰਘੇ ਸਦਮੇ ‘ਚ ਪਾ ਦਿੱਤਾ ਹੈ। ਸੁੰਦਰ ਬੈਸਰਨ ਘਾਟੀ ਵਿੱਚ 22 ਅਪ੍ਰੈਲ ਨੂੰ ਹੋਏ ਇਸ ਵਹਿਸ਼ੀ ਹਮਲੇ ਵਿੱਚ 26 ਨਿਰਦੋਸ਼ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਦੁਖਦਾਈ ਘਟਨਾ ਨੇ ਹਰ ਭਾਰਤੀ ਦਾ ਦਿਲ ਤੋੜ ਦਿੱਤਾ ਹੈ। ਹਮਲੇ ਦੀਆਂ ਦਿਲ ਦਹਿਲਾਉਣ ਵਾਲੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ, ਜਿਸ ਨੇ ਪੂਰੇ ਦੇਸ਼ ਨੂੰ ਸੋਗ ਵਿੱਚ ਪਾ ਦਿੱਤਾ ਹੈ। ਸਿਆਸਤਦਾਨਾਂ ਤੋਂ ਲੈ ਕੇ ਫਿਲਮੀ ਸਿਤਾਰਿਆਂ ਤੱਕ ਹਰ ਕੋਈ ਇਸ ਦੁਖਾਂਤ ‘ਤੇ ਸੋਗ ਮਨਾ ਰਿਹਾ ਹੈ।
ਇਸ ਹਮਲੇ ਦਾ ਅਸਰ ਮਨੋਰੰਜਨ ਜਗਤ ‘ਤੇ ਵੀ ਸਾਫ਼ ਨਜ਼ਰ ਆ ਰਿਹਾ ਹੈ। ਕਈ ਵੱਡੇ ਗਾਇਕਾਂ ਨੇ ਆਪਣੇ ਕੰਸਰਟ ਰੱਦ ਕਰ ਦਿੱਤੇ ਹਨ। ਬਾਦਸ਼ਾਹ ਅਤੇ ਅਰਿਜੀਤ ਸਿੰਘ ਤੋਂ ਬਾਅਦ ਹੁਣ ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ ਨੇ ਵੀ ਸੂਰਤ ਵਿੱਚ ਆਪਣਾ ਕੰਸਰਟ ਰੱਦ ਕਰ ਦਿੱਤਾ ਹੈ। ਸ਼੍ਰੇਆ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਕੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ।
ਉਸਨੇ ਲਿਖਿਆ ਕਿ ਪ੍ਰਬੰਧਕਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ, 26 ਅਪ੍ਰੈਲ ਨੂੰ ਹੋਣ ਵਾਲੇ ਸੂਰਤ ਸੰਗੀਤ ਸਮਾਰੋਹ ਨੂੰ ਸਤਿਕਾਰ ਅਤੇ ਸੋਗ ਵਜੋਂ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਟਿਕਟ ਦੇ ਪੂਰੇ ਪੈਸੇ ਸਾਰੇ ਲੋਕਾਂ ਨੂੰ ਵਾਪਸ ਕਰ ਦਿੱਤੇ ਜਾਣਗੇ। ਉਨ੍ਹਾਂ ਨੇ ਕਿਸੇ ਵੀ ਸਵਾਲ ਜਾਂ ਸਹਾਇਤਾ ਲਈ ਈਮੇਲ ਰਾਹੀਂ ਸੰਪਰਕ ਕਰਨ ਦਾ ਆਪਸ਼ਨ ਵੀ ਦਿੱਤਾ ਹੈ।