ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਚੰਡੀਗੜ੍ਹ ਕੋਰਟ ਵਿਚ ਇਕ ਅਰਜ਼ੀ ਦਾਖ਼ਲ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ , ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ‘ਆਪ’ ਵਿਧਾਇਕ ਅਨਮੋਲ ਗਗਨ ਮਾਨ, ਸਿਹਤ ਮੰਤਰੀ ਡਾ.ਬਲਬੀਰ ਸਿੰਘ ਤੇ ਪੰਜਾਬ ਅਸੈਂਬਲੀ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਵੀਡੀਓ ਤੇ ਆਡੀਓ ਵਾਲੀਆਂ ਪੈੱਨ ਡਰਾਈਵਾਂ ਰਿਕਾਰਡ ’ਤੇ ਰੱਖਣ ਦੀ ਮੰਗ ਕੀਤੀ ਹੈ।
ਬਿੱਟੂ ਨੇ ਵਕੀਲਾਂ ਤਰਮਿੰਦਰ ਸਿੰਘ ਅਤੇ ਐੱਸਸੀ ਮਹਿਤਾ ਰਾਹੀਂ ਦਾਇਰ ਅਪੀਲ ਵਿੱਚ ਕਿਹਾ ਕਿ ਪੈੱਨ ਡਰਾਈਵ ਵਿੱਚ ਵੀਡੀਓ ਅਤੇ ਆਡੀਓ ਨੂੰ ਨਿਊਜ਼ ਚੈਨਲਾਂ ਸਮੇਤ ਵੱਖ-ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ ਤੋਂ ਡਾਊਨਲੋਡ ਕੀਤਾ ਗਿਆ ਹੈ ਅਤੇ ਬਿਨਾਂ ਕਿਸੇ ਸੰਪਾਦਨ ਜਾਂ ਬਦਲਾਅ ਦੇ ਦੁਬਾਰਾ ਤਿਆਰ ਕੀਤਾ ਗਿਆ ਹੈ।
ਬਿੱਟੂ ਨੇ ਇਹ ਅਪੀਲ ਦਾਇਰ ਕਰਕੇ ਡਾ. ਬਲਬੀਰ ਸਿੰਘ ਤੋਂ ਜਾਣਕਾਰੀ ਮੰਗੀ ਹੈ ਕਿ ਕੀ ਆਡੀਓ ਅਤੇ ਵੀਡੀਓ ਵਿੱਚ ਅਰਜ਼ੀ ਵਿੱਚ ਦੱਸੇ ਗਏ ਵਿਅਕਤੀਆਂ ਦੀ ਆਵਾਜ਼ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਿਵਲ ਮੁਕੱਦਮੇ ਦਾ ਫੈਸਲਾ ਲੈਣ ਲਈ ਇਹ ਜਾਣਕਾਰੀ/ਪੁੱਛਗਿੱਛ ਜ਼ਰੂਰੀ ਹੈ।
ਅਦਾਲਤ ਨੇ ਇਸ ਤੋਂ ਪਹਿਲਾਂ 4 ਅਪਰੈਲ, 2025 ਨੂੰ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਿਰੁੱਧ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਅਪਮਾਨਜਨਕ ਬਿਆਨ ਜਾਰੀ ਕਰਨ ਤੋਂ ਰੋਕ ਦਿੱਤਾ ਸੀ। ਅਦਾਲਤ ਨੇ ਡਾ. ਬਲਬੀਰ ਸਿੰਘ ਵੱਲੋਂ ਦਾਇਰ ਸਿਵਲ ਮੁਕੱਦਮੇ ’ਤੇ ਇਹ ਹੁਕਮ ਸੁਣਾਇਆ ਸੀ।
ਮੁਕੱਦਮੇ ਵਿੱਚ ਡਾ. ਬਲਬੀਰ ਸਿੰਘ ਨੇ ਕਿਹਾ ਕਿ ਬਿੱਟੂ ਨੇ ਗੂਗਲ ਦੇ ਯੂਟਿਊਬ ਪਲੈਟਫਾਰਮ ਦੀ ਵਰਤੋਂ ਕਰਕੇ ਸੋਸ਼ਲ ਮੀਡੀਆ ’ਤੇ ਕੁਝ ਅਪਮਾਨਜਨਕ ਬਿਆਨ ਦਿੱਤੇ ਹਨ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਪੰਜਾਬ ਸਰਕਾਰ ਦੇ ਵਿਧਾਇਕ ਅਤੇ ਮੰਤਰੀ ਪੰਜਾਬ ਦਾ ਪੈਸਾ ਆਪਣੀਆਂ ਸਰਕਾਰੀ ਗੱਡੀਆਂ ਵਿੱਚ ਲਿਜਾ ਕੇ ਨਵੀਂ ਦਿੱਲੀ ਵਿਚ ਮੁੱਖ ਮੰਤਰੀ, ਪੰਜਾਬ ਦੀ ਸਰਕਾਰੀ ਰਿਹਾਇਸ਼ ’ਤੇ ਡੰਪ ਕਰ ਰਹੇ ਹਨ।
ਬਿੱਟੂ ਨੇ ਕਿਹਾ ਕਿ ਮੌਜੂਦਾ ਸਿਵਲ ਮੁਕੱਦਮੇ ਵਿਚ ਸਹੀ ਫੈਸਲੇ ਲਈ ਇਹ ਅਰਜ਼ੀ ਜ਼ਰੂਰੀ ਹੈ। ਕੇਂਦਰੀ ਮੰਤਰੀ ਨੇ ਅਪੀਲ ਕੀਤੀ ਕਿ ਮੌਜੂਦਾ ਅਰਜ਼ੀ ਨੂੰ ਨਿਆਂ ਦੇ ਹਿੱਤ ਵਿੱਚ ਮਨਜ਼ੂਰ ਕੀਤਾ ਜਾਵੇ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 13 ਮਈ ਲਈ ਨਿਰਧਾਰਿਤ ਕਰਦਿਆਂ ਡਾ. ਬਲਬੀਰ ਸਿੰਘ ਤੋਂ ਜਵਾਬ ਮੰਗਿਆ ਹੈ। ਮਾਣਹਾਨੀ ਮੁਕੱਦਮੇ ਵਿੱਚ ਡਾ. ਬਲਬੀਰ ਸਿੰਘ ਨੇ ਬਿੱਟੂ ਵੱਲੋਂ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਪੋਸਟ ਕੀਤੇ ਗਏ ਕਥਿਤ ਬਿਆਨਾਂ ਦੇ ਲਿੰਕ ਨੂੰ ਵੀ ਰਿਕਾਰਡ ’ਤੇ ਰੱਖਿਆ ਹੈ।