ਚੰਡੀਗੜ੍ਹ : ਜੰਮੂ ਕਸ਼ਮੀਰ ਦੇ ਪਹਿਲਗਾਮ ‘ਚ ਸੈਲਾਨੀਆਂ ‘ਤੇ ਕੀਤੇ ਗਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਦੀਆਂ ਸੈਰ-ਸਪਾਟੇ ਵਾਲੀਆਂ ਥਾਵਾਂ ‘ਤੇ ਸੁਰੱਖਿਆ ਵਧਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਖਾਸ ਤੌਰ ‘ਤੇ ਧਾਰਮਿਕ ਸੈਰ-ਸਪਾਟੇ ਵਾਲੀਆਂ ਥਾਵਾਂ ਦੀ ਸੁਰੱਖਿਆ ਵਧਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਡੀਜੀਪੀ ਗੌਰਵ ਯਾਦਵ ਨੂੰ ਕਿਹਾ। ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਅਧਿਕਾਰੀਆਂ ਨਾਲ ਇਕ ਉੱਚ ਪੱਧਰੀ ਮੀਟਿੰਗ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਮੀਡੀਆ ਨਾਲ ਸੰਖੇਪ ਗੱਲਬਾਤ ਕਰਦੇ ਹੋਏ ਇਸ ਹਮਲੇ ਨੂੰ ਕਾਇਰਾਨਾ ਦੱਸਿਆ ਤੇ ਕਿਹਾ ਕਿ ਦਹਿਸ਼ਤ ਫੈਲਾਉਣਾ ਅੱਤਵਾਦੀਆਂ ਦਾ ਕੰਮ ਹੈ, ਪਰ ਸਾਡੀਆਂ ਸੁਰੱਖਿਆ ਏਜੰਸੀਆਂ ਬਹੁਤ ਮੁਸਤੈਦ ਹਨ।
ਉਨ੍ਹਾਂ ਕਿਹਾ ਕਿ ਅੱਜ ਸਾਰੀਆਂ ਥਾਵਾਂ ਦੀ ਸਮੀਖਿਆ ਕੀਤੀ ਗਈ ਹੈ ਤੇ ਜਿੱਥੇ ਵੀ ਜ਼ਰੂਰਤ ਹੈ, ਉੱਥੇ ਸੁਰੱਖਿਆ ਵਧਾਉਣ ਦੇ ਹੁਕਮ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਮੀਟਿੰਗ ‘ਚ ਡੀਜੀਪੀ ਨੇ ਇਹ ਵੀ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਜੰਮੂ ਕਸ਼ਮੀਰ ਦਾ ਟੂਰਿਜ਼ਮ ਕਾਫੀ ਵਧ ਗਿਆ ਹੈ। ਚੰਡੀਗੜ੍ਹ ਤੋਂ ਹਰ ਰੋਜ਼ ਚਾਰ ਚਾਰ ਫਲਾਈਟਾਂ ਜਾ ਰਹੀਆਂ ਸਨ, ਜਿਸ ਨਾਲ ਉੱਥੇ ਦੇ ਲੋਕਾਂ ਨੂੰ ਕੰਮ ਮਿਲ ਰਿਹਾ ਸੀ।
ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਤੋਂ ਕਸ਼ਮੀਰ ਵਾਦੀ ‘ਚ ਗਏ ਉਹ ਲੋਕ ਜੋ ਇਸ ਹਮਲੇ ਕਾਰਨ ਫਸ ਗਏ ਹਨ, ਉਨ੍ਹਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਜੰਮੂ-ਕਸ਼ਮੀਰ ਸਰਕਾਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਤੰਕ ਦਾ ਕੋਈ ਧਰਮ ਨਹੀਂ ਹੁੰਦਾ, ਕੋਈ ਵੀ ਧਰਮ ਨਿਹੱਥਿਆਂ ਨੂੰ ਗੋਲ਼ੀ ਮਾਰਨ ਦੀ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਤਾਂ ਸਦਾ ਹੀ ਸਰਬੱਤ ਦੇ ਭਲੇ ਦੀ ਮੰਗ ਕਰਨ ਵਾਲੇ ਲੋਕ ਹਨ।
ਇਕ ਸਵਾਲ ਦੇ ਜਵਾਬ ‘ਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਵੀ ਗ੍ਰੇਨੇਡ ਸੁੱਟਣ ਦੀਆਂ ਕਈ ਘਟਨਾਵਾਂ ਹੋਈਆਂ ਹਨ। ਪਾਕਿਸਤਾਨ ਦੇ ਆਪਣੇ ਏਜੰਡੇ ਹਨ ਕਿ ਉਹ ਪੰਜਾਬ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ, ਪਰ ਅਸੀਂ ਜ਼ਿਆਦਾਤਰ ਘਟਨਾਵਾਂ ‘ਚ ਲੋਕਾਂ ਨੂੰ ਜਾਂ ਤਾਂ ਫੜ ਲਿਆ ਹੈ ਜਾਂ ਫਿਰ ਐਨਕਾਊਂਟਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕ ਪੰਜ-ਪੰਜ ਹਜ਼ਾਰ ਦੇ ਕੇ ਹਾਇਰ ਕੀਤੇ ਜਾਂਦੇ ਹਨ। ਉਨ੍ਹਾਂ ਦਾ ਅਸਲੀ ਮਕਸਦ ਪੰਜਾਬ ਨੂੰ ਡਿਸਟਰਬ ਕਰਨਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵੱਲੋਂ ਐਂਟੀ ਡ੍ਰੋਨ ਜਲਦੀ ਹੀ ਲਾਂਚ ਕੀਤੇ ਜਾ ਰਹੇ ਹਨ, ਜਿਸ ਨਾਲ ਸਰਹੱਦ ਪਾਰੋਂ ਆਉਣ ਵਾਲੇ ਹਥਿਆਰ, ਨਸ਼ਾ ਆਦਿ ਨੂੰ ਰੋਕਣ ‘ਚ ਸਫਲਤਾ ਮਿਲ ਸਕੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਨਾਲ ਲੱਗਦੀ ਸਰਹੱਦ ‘ਤੇ ਦੂਜੀ ਡਿਫੈਂਸ ਲਾਈਨ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ, ਸਰਹੱਦ ਪਾਰੋਂ ਆਉਣ ਵਾਲੇ ਲੋਕਾਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਜੋ ਡਰੋਨ ਨਾਲ ਆਉਣ ਵਾਲੇ ਸਾਮਾਨ ਨੂੰ ਪ੍ਰਾਪਤ ਕਰਦੇ ਹਨ।