ਫਾਜ਼ਿਲਕਾ : ਸ਼ਿਵਪੁਰੀ ਰੋਡ ‘ਤੇ ਮੰਗਲਵਾਰ ਦੁਪਹਿਰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਕੋਰਟ ਤੋਂ ਪੇਸ਼ੀ ਦੇ ਬਾਅਦ ਵਾਪਸ ਆਉਂਦੇ ਸਮੇਂ ਦੋ ਧੜਿਆਂ ‘ਚ ਟਕਰਾਅ ਹੋ ਗਿਆ। ਜਾਣਕਾਰੀ ਮੁਤਾਬਕ ਦੋਹਾਂ ਧੜਿਆਂ ‘ਚ ਪਹਿਲਾਂ ਤੋਂ ਹੀ ਰੰਜਿਸ਼ ਚੱਲ ਰਹੀ ਸੀ, ਜਿਸ ਕਾਰਨ ਕੋਰਟ ਕੰਪਲੈਕਸ ਨੇੜੇ ਇਹ ਮਾਮਲਾ ਹਿੰਸਕ ਹੋ ਗਿਆ। ਘਟਨਾ ਦੁਪਹਿਰ ਕਰੀਬ 1 ਤੋਂ 1:15 ਵਜੇ ਦੇ ਵਿਚਕਾਰ ਵਾਪਰੀ।
ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਸ਼ਿਵਪੁਰੀ ਰੋਡ ‘ਤੇ ਕੋਰਟ ਤੋਂ ਕੁਝ ਹੀ ਦੂਰੀ ‘ਤੇ ਦੋ ਧੜੇ ਭਿੜ ਗਏ। ਦੇਖਦੇ ਹੀ ਦੇਖਦੇ ਕਈ ਰਾਊਂਡ ਫਾਇਰ ਹੋਣ ਦੀ ਗੱਲ ਵੀ ਸਾਹਮਣੇ ਆਈ। ਇਸ ਦੌਰਾਨ ਇਕ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਕੇ ‘ਤੇ ਹੀ ਮੌਤ ਹੋ ਗਈ।
ਪਤਾ ਲੱਗਾ ਹੈ ਕਿ ਇਕ ਘਟਨਾ ਦੌਰਾਨ ਦੋ ਗੱਡੀਆਂ ‘ਚ ਸਵਾਰ ਦੋ ਧੜਿਆਂ ਦੇ ਮੈਂਬਰਾਂ ਵਿਚਕਾਰ ਟਕਰਾਅ ਹੋਇਆ, ਜਿਸ ਨਾਲ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਨ੍ਹਾਂ ਵਿੱਚੋਂ ਇਕ ਗੱਡੀ ਵਿਚ ਤੇਜ਼ਧਾਰ ਹਥਿਆਰ ਵੀ ਮਿਲੇ ਹਨ, ਜਿਨ੍ਹਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ ‘ਚ ਲੈ ਲਿਆ ਹੈ।
ਜਿਵੇਂ ਹੀ ਜਾਣਕਾਰੀ ਮਿਲੀ, ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਡੀਐਸਪੀ ਤਰਸੇਮ ਮਸੀਹ ਨੇ ਦੱਸਿਆ ਕਿ ਦੋਹਾਂ ਧੜਿਆਂ ਵਿਚਕਾਰ ਪੁਰਾਣਾ ਵਿਵਾਦ ਚੱਲ ਰਿਹਾ ਸੀ ਤੇ ਇਸ ਸਬੰਧ ਵਿਚ ਛੇ ਮਹੀਨੇ ਪਹਿਲਾਂ ਵੀ ਇਕ ਮਾਮਲਾ ਦਰਜ ਕੀਤਾ ਗਿਆ ਸੀ।
ਮੰਗਲਵਾਰ ਨੂੰ ਕੋਰਟ ‘ਚ ਪੇਸ਼ੀ ਤੋਂ ਬਾਅਦ ਇਹ ਘਟਨਾ ਸੜਕ ‘ਤੇ ਵਾਪਰੀ। ਇਸ ਵੇਲੇ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।