ਲੁਧਿਆਣਾ। ਪਿਛਲੇ ਦਿਨੀਂ ਪੀਏਯੂ ਅਥਾਰਟੀ ਵੱਲੋ ਬਿਨਾਂ ਕਾਰਨ ਪੀਏਯੂ ਵਿੱਚ ਕੰਮ ਕਰਦੇ ਜੇਐਲਏ ਨੂੰ ਮੁੱਅਤਲ ਕਰਨ ਦੇ ਵਿਰੋਧ ਵਿੱਚ ਪੀਏਯੂ ਕਰਮਚਾਰੀ ਯੂਨੀਅਨ ਦੀ ਐਗਜ਼ੈਕਟਿਵ ਕੌੰਸਲ ਦੀ ਹੰਗਾਮੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਕੀਤੇ ਫੈਸਲੇ ਅਨੁਸਾਰ ਵਿਰੋਧ ਰੋਸ ਰੈਲੀ ਕਰਨ ਜਾ ਰਹੇ ਮੁਲਾਜ਼ਮਾਂ ਨੂੰ ਪ੍ਰਧਾਨ ਬਲਦੇਵ ਸਿੰਘ ਵਾਲੀਆ ਸਮੇਤ ਪੁਲਿਸ ਨੇ ਗ੍ਰਿਫਤਾਰ ਕਰ ਲਿਆ।
ਪੁਲਿਸ ਹਿਰਾਸਤ ਵਿੱਚ ਪ੍ਰਧਾਨ ਵਾਲੀਆ ਨੇ ਫੋਨ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਜਿੱਥੇ ਰੋਸ ਰੈਲੀ ਕਰਨ ਜਾ ਰਹੇ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਉੱਥੇ ਸਵੇਰੇ ਹੀ ਯੂਨੀਅਨ ਦੇ ਐਗਜ਼ੈਕਟਿਵ ਮੈਂਬਰਾਂ ਨੂੰ ਘਰਾਂ ਵਿੱਚੋਂ ਹੀ ਚੁੱਕ ਲਿਆ ਗਿਆ। ਉਨ੍ਹਾਂ ਕਿਹਾ ਕਿ ਅਥਾਰਟੀ ਵੱਲੋ ਜੋ ਰਾਜਨੀਤਿਕ ਦਬਾਅ ਹੇਠ ਆ ਕੇ ਸਾਡੇ ਮੁਲਾਜ਼ਮ ਨੂੰ ਮੁੱਅਤਲ ਕੀਤਾ ਗਿਆ ਹੈ ਉਸ ਪ੍ਰਤੀ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ।
ਇਹ ਵਿਰੋਧ ਪ੍ਰਦਰਸ਼ਨ ਕਰਮਚਾਰੀ ਅਮਰੀਕ ਸਿੰਘ ਦੀ ਮੁਅੱਤਲੀ ਦੇ ਖਿਲਾਫ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਕਰਮਚਾਰੀ ਨੂੰ ਇੱਕ ਨੇਤਾ ਦੇ ਨਿਰਦੇਸ਼ਾਂ ਤੋਂ ਬਾਅਦ ਮੁਅੱਤਲ ਕੀਤਾ ਗਿਆ ਸੀ। ਪੂਰੀ ਯੂਨੀਵਰਸਿਟੀ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸੀਪੀ ਸਮੇਤ ਸਾਰੇ ਸੀਨੀਅਰ ਅਧਿਕਾਰੀ ਮੌਕੇ ‘ਤੇ ਮੌਜੂਦ ਹਨ।
ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਕਰਮਚਾਰੀਆਂ ਦੀ ਹੜਤਾਲ ਨੂੰ ਰੋਕਣ ਲਈ ਸੀਨੀਅਰ ਪੁਲਿਸ ਅਧਿਕਾਰੀ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਪੁਲਿਸ ਕਾਰਵਾਈ ਨੂੰ ਲੈ ਕੇ ਯੂਨੀਵਰਸਿਟੀ ਸਟਾਫ਼ ਅਤੇ ਅਧਿਆਪਕਾਂ ਵਿੱਚ ਗੁੱਸਾ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਵਿਰੋਧ ਕਰਨਾ ਉਨ੍ਹਾਂ ਦਾ ਹੱਕ ਹੈ।