ਅੰਮ੍ਰਿਤਸਰ- ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 404ਵੇਂ ਪ੍ਰਕਾਸ਼ ਪੁਰਬ ਮੌਕੇ ਗੁਰੂ ਜੀ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸੰਗਤਾਂ ਦੀਆਂ ਖਾਸ ਰੌਣਕਾਂ ਦੇਖਣ ਨੂੰ ਮਿਲੀਆਂ। ਜਿੱਥੇ ਗੁਰੂ ਜੀ ਦੇ ਜਨਮ ਅਸਥਾਨ ’ਤੇ ਹਰ ਸਾਲ ਵਾਂਗ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ ਅਤੇ ਸੰਗਤਾਂ ਵੱਲੋਂ ਪ੍ਰਕਾਸ਼ ਪੁਰਬ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਲਈ ਖਾਸ ਪ੍ਰਬੰਧ ਵੀ ਕੀਤੇ ਗਏ।
ਇਸ ਮੌਕੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਨਤਮਸਤਕ ਹੋਣ ਆਈਆਂ ਸੰਗਤਾਂ ਨੇ ਕਿਹਾ ਕਿ ਅੱਜ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋ ਰਹੇ ਹਾਂ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਹੇ ਹਨ। ਸੰਗਤ ਦਾ ਕਹਿਣਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਮੁੱਚਾ ਜੀਵਨ ਹੱਕ ਸੱਚ ਲਈ ਆਵਾਜ਼ ਉਠਾਉਣ ਦੀ ਪ੍ਰੇਰਨਾ ਦਿੰਦਾ ਹੈ। ਗੁਰੂ ਸਾਹਿਬ ਨੇ ਧਰਮ ਦੀਆਂ ਕਦਰਾਂ ਕੀਮਤਾਂ ਨੂੰ ਦਬਾਉਣ ਵਾਲਿਆਂ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਧਰਮ ਦੀ ਰੱਖਿਆ ਲਈ ਸ਼ਹਾਦਤ ਪ੍ਰਾਪਤ ਕੀਤੀ।
ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸਮਾਜਿਕ ਬੁਰਾਈਆਂ ਖਿਲਾਫ ਅਵਾਜ਼ ਬੁਲੰਦ ਕਰਨ ਦਾ ਪ੍ਰਣ ਕਰਨ ਅਤੇ ਗੁਰੂ ਸਾਹਿਬ ਦੇ ਜੀਵਨ ਅਤੇ ਉਪਦੇਸ਼ਾਂ ਉੱਤੇ ਚੱਲ ਕੇ ਆਪਣਾ ਜੀਵਨ ਬਤੀਤ ਕਰਨ। ਉਹਨਾਂ ਕਿਹਾ ਕਿ ਅੱਜ ਇਸ ਪਵਿੱਤਰ ਦਿਹਾੜੇ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਬਾਬਾ ਅਟੱਲ ਰਾਏ ਸਾਹਿਬ ਵਿਖੇ ਸੁੰਦਰ ਜਲੌਅ ਸਾਹਿਬ ਵੀ ਸਜਾਏ ਗਏ। ਦੁਪਹਿਰ 12 ਵਜੇ ਤੱਕ ਸੁੰਦਰ ਜਲੋਅ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ ਤੇ ਰਾਤ ਨੂੰ ਦੀਪ ਮਾਲਾ ਤੇ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ।