ਭਾਜਪਾ ਨੇ ਪੰਜਾਬ ਲਈ ਨਾਇਬ ਸਿੰਘ ਸੈਣੀ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ

ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਚੋਣਾਂ ‘ਚ ਹਰਿਆਣਾ ਦੇ ਆਗੂਆਂ ਦੀ ਸਫ਼ਲਤਾ ਨੂੰ ਦੇਖਣ ਮਗਰੋਂ ਹੁਣ ਭਾਜਪਾ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਪੰਜਾਬ ‘ਚ ਪਾਰਟੀ ਨੂੰ ਮਜ਼ਬੂਤ ਕਰਨ ਦਾ ਕੰਮ ਸੌਂਪਿਆ ਹੈ। ਪੰਜਾਬ ‘ਚ 2 ਸਾਲਾਂ ‘ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਪਾਰਟੀ ਦੇ ਸੂਤਰਾਂ ਮੁਤਾਬਕ ਪਿਛਲੇ 2 ਮਹੀਨਿਆਂ ‘ਚ ਸੈਣੀ ਨੇ ਪੰਜਾਬ ਦੇ ਆਗੂਆਂ ਅਤੇ ਕਾਰਕੁੰਨਾਂ ਨਾਲ ਮੀਟਿੰਗਾਂ ਕੀਤੀਆਂ ਹਨ ਅਤੇ ਸਥਾਨਕ ਭਾਜਪਾ ਵਰਕਰਾਂ ਨਾਲ ਜ਼ਮੀਨੀ ਕਰਨ ਲਈ ਟੀਮਾਂ ਵੀ ਤਾਇਨਾਤ ਕੀਤੀਆਂ ਹਨ।

ਸੂਤਰਾਂ ਦੇ ਮੁਤਾਬਕ ਸੈਣੀ ਦੀ ਟੀਮ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੇ ਇਕ ਪ੍ਰਮੁੱਖ ਸਮਾਜ ਸਵੇਕ ਅਤੇ ਇਕ ਵੱਡੇ ਉਦਯੋਗਪਤੀ, ਜਿਸ ਦਾ ਮੋਹਾਲੀ ਦੇ ਡੇਰਾਬੱਸੀ ‘ਚ ਸੈਟਅਪ ਹੈ, 26 ਅਪ੍ਰੈਲ ਨੂੰ ਪਾਰਟੀ ‘ਚ ਸ਼ਾਮਲ ਹੋਣ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪਿਛਲੇ 4 ਸਾਲਾਂ ਦੌਰਾਨ ਕਿਸਾਨ ਅੰਦੋਲਨ ਮਗਰੋਂ ਭਾਜਪਾ ਨੂੰ ਪੰਜਾਬ ‘ਚ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਭਾਵੇਂ ਕਿ ਉਸ ਕੋਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਵਰਗੇ ਦਿੱਗਜ ਨੇਤਾ ਸਨ।

ਪਾਰਟੀ ਲੋਕ ਸਭਾ ਚੋਣਾਂ ‘ਚ ਇਕ ਵੀ ਸੀਟ ਨਹੀਂ ਜਿੱਤ ਸਕੀ। ਵਿਧਾਨ ਸਭਾ ਚੋਣਾਂ ‘ਚ ਪਾਰਟੀ ਨੂੰ ਸਿਰਫ 2 ਸੀਟਾਂ ਪਠਾਨਕੋਟ ਅਤੇ ਮੁਕੇਰੀਆਂ ਨਾਲ ਸਬਰ ਕਰਨਾ ਪਿਆ। ਪਿਛਲੇ ਦਿਨੀਂ ਸੈਣੀ 3 ਵਾਰ ਪੰਜਾਬ ਦਾ ਦੌਰਾ ਕਰ ਚੁੱਕੇ ਹਨ। ਇਸ ਬਾਰੇ ਜਦੋਂ ਨਾਇਬ ਸਿੰਘ ਸੈਣੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਜਿੱਥੇ ਵੀ ਜਾਂਦੇ ਹਾਂ, ਪ੍ਰਧਾਨ ਮੰਤਰੀ ਦੇ ਦੂਤ ਬਣ ਕੇ ਜਾਂਦੇ ਹਾਂ। ਹਰਿਆਣਾ ‘ਚ ਟ੍ਰਿੱਪਲ-ਇੰਜਣ ਸਰਕਾਰ ਹੋਣਾ ਸਾਡੀ ਪ੍ਰਾਪਤੀ ਹੈ। ਪੰਜਾਬ ਦੇ ਲੋਕ ਭਾਜਪਾ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

Leave a Reply

Your email address will not be published. Required fields are marked *