ਹੋਣ ਵਾਲੇ ਜਵਾਈ ਨਾਲ ਗਹਿਣੇ ਤੇ 3.5 ਲੱਖ ਲੈ ਕੇ ਫਰਾਰ ਹੋਈ ਸੱਸ, 16 ਅਪਰੈਲ ਨੂੰ ਧੀ ਨਾਲ ਹੋਣਾ ਸੀ ਵਿਆਹ

ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਰਿਸ਼ਤਿਆਂ ਦੀ ਮਰਿਆਦਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇੱਥੇ ਇਕ ਮਹਿਲਾ ਆਪਣੀ ਹੀ ਧੀ ਦੇ ਮੰਗੇਤਰ ਨਾਲ ਭੱਜ ਗਈ। ਧੀ ਦੇ ਵਿਆਹ ਦੀ ਤਾਰੀਖ 16 ਅਪ੍ਰੈਲ ਤੈਅ ਕੀਤੀ ਗਈ ਸੀ। ਘਰ ਵਿਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਪਰ ਉਸ ਤੋਂ ਪਹਿਲਾਂ ਹੀ ਮਾਂ ਆਪਣੇ ਹੋਣ ਵਾਲੇ ਜਵਾਈ ਰਾਹੁਲ (ਸ਼ਿਵਾ) ਨਾਲ ਘਰੋ ਭੱਜ ਗਈ।

ਪਰਿਵਾਰਕ ਜਾਣਕਾਰੀ ਅਨੁਸਾਰ ਮਹਿਲਾ ਅਨੀਤਾ ਦੇਵੀ ਘਰ ਤੋਂ ਲਗਭਗ 5 ਲੱਖ ਰੁਪਏ ਦੇ ਗਹਿਣੇ ਅਤੇ 3.50 ਲੱਖ ਰੁਪਏ ਨਕਦ ਲੈ ਕੇ ਭੱਜ ਗਈ। ਹੁਣ ਘਰ ਵਿਚ ਸਿਰਫ਼ ਖਾਲੀ ਅਲਮਾਰੀਆਂ ਅਤੇ ਟੁੱਟੀਆਂ ਆਸਾਂ ਹੀ ਬਚੀਆਂ ਹਨ। ਉਸ ਦੀ ਧੀ ਗਹਿਰੇ ਸਦਮੇ ਵਿੱਚ ਹੈ, ਉਸ ਦੀ ਹਾਲਤ ਖਰਾਬ ਹੋ ਚੁੱਕੀ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।

ਮਡਰਕ ਥਾਣਾ ਖੇਤਰ ਵਿੱਚ ਇਸ ਮਹਿਲਾ ਦੇ ਗਾਇਬ ਹੋਣ ਦੀ ਸੂਚਨਾ ਮਿਲਣ ’ਤੇ ਪੁਲੀਸ ਵੱਲੋਂ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦੋਹਾਂ (ਸੱਸ ਅਤੇ ਮੰਗੇਤਰ) ਵਿਚਕਾਰ ਪਿਛਲੇ 3-4 ਮਹੀਨਿਆਂ ਤੋਂ ਲਗਾਤਾਰ ਗੱਲਬਾਤ ਹੋ ਰਹੀ ਸੀ। ਇਥੋਂ ਤੱਕ ਕਿ ਮਹਿਲਾ ਨੇ ਖ਼ੁਦ ਰਾਹੁਲ ਨੂੰ ਸਮਾਰਟਫੋਨ ਵੀ ਦਿਵਾਇਆ, ਜਿਸ ਰਾਹੀਂ ਉਹ ਘੰਟਿਆਂ ਬੱਧੀ ਗੱਲਾਂ ਕਰਦੇ ਸਨ। ਧੀ ਨੇ ਦੱਸਿਆ ਕਿ ਉਸ ਦੀ ਮਾਂ ਰਾਹੁਲ ਨਾਲ ਦਿਨ ਵਿੱਚ 20-20 ਘੰਟੇ ਗੱਲਾਂ ਕਰਦੀ ਸੀ, ਜਦਕਿ ਰਾਹੁਲ ਉਸ ਨਾਲ ਬਿਲਕੁਲ ਗੱਲ ਨਹੀਂ ਕਰਦਾ ਸੀ।

ਦੁੱਖ ਜਤਾਉਂਦਿਆਂ ਮਹਿਲਾ ਦੀ ਧੀ ਨੇ ਕਿਹਾ, “ਹੁਣ ਮੇਰਾ ਮਾਂ ਨਾਲ ਕੋਈ ਰਿਸ਼ਤਾ ਨਹੀਂ ਰਿਹਾ। ਮਾਂ ਨੇ ਮੇਰੀਆਂ ਸਾਰੀਆਂ ਖੁਸ਼ੀਆਂ ਖੋਹ ਲੀਆਂ, ਹੁਣ ਉਹ ਜੀਵੇ ਜਾਂ ਮਰੇ, ਮੈਨੂੰ ਕੋਈ ਫ਼ਰਕ ਨਹੀਂ ਪੈਂਦਾ। ਸਾਨੂੰ ਸਿਰਫ਼ ਆਪਣੇ ਪੈਸੇ ਅਤੇ ਗਹਿਣੇ ਵਾਪਸ ਚਾਹੀਦੇ ਹਨ।”

ਮਹਿਲਾ ਦੇ ਪਤੀ ਜਿਤੇਂਦਰ ਕੁਮਾਰ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਰਾਹੁਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਸ਼ੁਰੂ ਵਿੱਚ ਉਸ ਨੇ ਇਸ ਸਭ ਨੂੰ ਝੁਠ ਦੱਸਿਆ। ਪਰ ਬਾਅਦ ਵਿੱਚ ਕਿਹਾ, “ਤੁਸੀਂ ਲੋਕਾਂ ਨੇ ਉਸ ਨੂੰ 20 ਸਾਲ ਤੱਕ ਬਹੁਤ ਤੰਗ ਕੀਤਾ, ਹੁਣ ਭੁੱਲ ਜਾਓ।”

ਇਸ ਸਬੰਧੀ ਮਾਮਲਾ ਮਡਰਕ ਥਾਣੇ ਵਿੱਚ ਦਰਜ ਕਰ ਲਿਆ ਗਿਆ ਹੈ ਅਤੇ ਪੁਲੀਸ ਨੇ ਭਾਲ ਸ਼ੁਰੂ ਕਰ ਦਿੱਤੀ ਹੈ। ਸਰਕਲ ਅਫਸਰ ਮਹੇਸ਼ ਕੁਮਾਰ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਜਲਦ ਹੀ ਫਰਾਰ ਮਹਿਲਾ ਅਤੇ ਨੌਜਵਾਨ ਨੂੰ ਲੱਭ ਲਿਆ ਜਾਵੇਗਾ।

Leave a Reply

Your email address will not be published. Required fields are marked *