ਪੰਜਾਬ ਤੇ ਹਰਿਆਣਾ ਵਿੱਚ ਅੱਜ ਗਰਮੀ ਦਾ ਕਹਿਰ ਜਾਰੀ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ ਹੈ। ਬੁੱਧਵਾਰ ਇਸ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਹਾ ਹੈ। ਗਰਮੀ ਵਧਣ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਅੱਜ ਪੰਜਾਬ ’ਚ ਬਠਿੰਡਾ ਏਅਰਪੋਰਟ ਦਾ ਨਜ਼ਦੀਕੀ ਇਲਾਕਾ ਤੇ ਹਰਿਆਣਾ ਦਾ ਹਿਸਾਰ ਸ਼ਹਿਰ ਸਭ ਤੋਂ ਗਰਮ ਰਹੇ ਹਨ। ਬਠਿੰਡਾ ਏਅਰਪੋਰਟ ’ਤੇ ਤਾਪਮਾਨ 42.8 ਡਿਗਰੀ ਸੈਲਸੀਅਸ ਅਤੇ ਹਿਸਾਰ ਵਿੱਚ 42.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਉੱਧਰ, ਅਤਿ ਦੀ ਗਰਮੀ ਤੋਂ ਬਾਅਦ ਅਗਲੇ ਦੋ ਦਿਨ 10 ਤੇ 11 ਅਪਰੈਲ ਨੂੰ ਮੌਸਮ ਆਪਣਾ ਮਿਜ਼ਾਜ ਬਦਲ ਸਕਦਾ ਹੈ। ਇਸ ਦੌਰਾਨ ਤੇਜ਼ ਹਵਾਵਾਂ ਦੇ ਨਾਲ-ਨਾਲ ਤੇ ਕਿਤੇ-ਕਿਤੇ ਕਿਣ-ਮਿਣ ਵੀ ਹੋ ਸਕਦੀ ਹੈ। ਮੌਸਮ ਵਿਗਿਆਨੀਆਂ ਨੇ ਵੀ 10 ਤੇ 11 ਅਪਰੈਲ ਨੂੰ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 10 ਅਪਰੈਲ ਨੂੰ 30 ਤੋਂ 40 ਅਤੇ 11 ਅਪਰੈਲ ਨੂੰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ।
ਦੂਜੇ ਪਾਸੇ, ਪੰਜਾਬ ਵਿੱਚ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋ ਚੁੱਕੀ ਹੈ। ਇਸ ਦੌਰਾਨ ਮੌਸਮ ਵਿੱਚ ਤਬਦੀਲੀ ਦੀ ਜਾਣਕਾਰੀ ਕਾਰਨ ਕਿਸਾਨ ਫ਼ਿਕਰਮੰਦ ਹੋ ਗਏ ਹਨ। ਇਸ ਦੇ ਨਾਲ ਹੀ ਮੰਡੀਆਂ ਵਿੱਚ ਵੀ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ। ਸੂਬੇ ਵਿੱਚ ਗਰਮੀ ਵਧਣ ਦੇ ਨਾਲ-ਨਾਲ ਬਿਜਲੀ ਦੀ ਮੰਗ ਵਧਣੀ ਵੀ ਸ਼ੁਰੂ ਹੋ ਗਈ ਹੈ। ਅੱਜ ਦੁਪਹਿਰ ਸਮੇਂ ਬਿਜਲੀ ਦੀ ਮੰਗ ਅੱਠ ਹਜ਼ਾਰ ਮੈਗਾਵਾਟ ਦੇ ਕਰੀਬ ਪਹੁੰਚ ਗਈ।
ਮੌਸਮ ਵਿਭਾਗ ਅਨੁਸਾਰ ਅੱਜ ਰਾਜਧਾਨੀ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 38.7 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 38, ਲੁਧਿਆਣਾ ’ਚ 38.8, ਪਟਿਆਲਾ ’ਚ 39.5, ਪਠਾਨਕੋਟ ’ਚ 37.3, ਗੁਰਦਾਸਪੁਰ ’ਚ 36.8, ਫ਼ਤਹਿਗੜ੍ਹ ਸਾਹਿਬ ’ਚ 38.8, ਫ਼ਿਰੋਜ਼ਪੁਰ ਵਿੱਚ 39, ਜਲੰਧਰ ’ਚ 37.8, ਮੁਹਾਲੀ ’ਚ 37.6 ਤੇ ਰੋਪੜ ਵਿੱਚ 36.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਹੈ। ਇਹ ਆਮ ਨਾਲੋਂ ਪੰਜ ਤੋਂ ਛੇ ਡਿਗਰੀ ਸੈਲਸੀਅਸ ਵੱਧ ਹੈ।
ਇਸੇ ਤਰ੍ਹਾਂ ਹਰਿਆਣਾ ਦੇ ਅੰਬਾਲਾ ’ਚ 39 ਡਿਗਰੀ ਸੈਲਸੀਅਸ, ਕਰਨਾਲ ’ਚ 38.4, ਮਹਿੰਦਰਗੜ੍ਹ ’ਚ 42.2, ਰੋਹਤਕ ’ਚ 42.5, ਭਿਵਾਨੀ ’ਚ 39.4, ਸਿਰਸਾ ਵਿੱਚ 42, ਫ਼ਰੀਦਾਬਾਦ ’ਚ 39.6, ਗੁਰੂਗ੍ਰਾਮ ਵਿੱਚ 39.9, ਜੀਂਦ ’ਚ 40.4, ਪਾਣੀਪਤ ਵਿੱਚ 38.1, ਰੋਹਤਕ ਵਿੱਚ 39.9, ਸੋਨੀਪਤ ਵਿੱਚ 38.6, ਚਰਖੀ ਦਾਦਰੀ ਵਿੱਚ 41.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਹੈ।