Punjab News: ਸ੍ਰੀ ਦਰਬਾਰ ਸਾਹਿਬ ਸਮੂਹ ’ਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਿਰੋਪਾਓ ਦੇਣ ਤੋਂ ਰੋਕਿਆ ਗਿਆ

ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੇ ਆਗੂ ਭਾਈ ਮਹਿਲ ਸਿੰਘ ਬੱਬਰ ਨਮਿਤ ਅਖੰਡ ਪਾਠ ਦੇ ਭੋਗ ਅੱਜ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਪਾਏ ਗਏ ਹਨ। ਇਸ ਮੌਕੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਿਰੋਪਾ ਦੇਣ ਤੋਂ ਰੋਕਿਆ ਗਿਆ ਹੈ। ਜਥੇਦਾਰ ਗੜਗੱਜ ਦੀ ਨਿਯੁਕਤੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਵੱਲੋਂ ਉਨ੍ਹਾਂ ਨੂੰ ਬਤੌਰ ਜਥੇਦਾਰ ਕਿਸੇ ਕਾਰਵਾਈ ਤੋਂ ਰੋਕਿਆ ਗਿਆ ਹੈ।

ਇਸ ਸਬੰਧ ਵਿੱਚ ਅਖੰਡ ਕੀਰਤਨੀ ਜਥੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਅਖੰਡ ਪਾਠ ਰੱਖਿਆ ਗਿਆ ਸੀ, ਜਿਸ ਦੇ ਅੱਜ ਸਵੇਰੇ ਭੋਗ ਪਾਏ ਗਏ ਹਨ। ਭੋਗ ਸਮਾਗਮ ਵਿੱਚ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕ, ਅਖੰਡ ਕੀਰਤਨੀ ਜਥੇ ਦੇ ਮੈਂਬਰ ਅਤੇ ਭਾਈ ਮਹਿਲ ਸਿੰਘ ਬੱਬਰ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ ਹੋਏ ਸਨ।

ਅਰਦਾਸ ਮਗਰੋਂ ਜਥੇਦਾਰ ਗੜਗੱਜ ਜਦੋਂ ਭਾਈ ਮਹਿਲ ਸਿੰਘ ਬੱਬਰ ਦੀ ਪਤਨੀ ਬੀਬੀ ਗੁਰਮੀਤ ਕੌਰ ਨੂੰ ਸਿਰੋਪਾਉ ਦੇਣ ਲੱਗੇ ਤਾਂ ਸਿੱਖ ਆਗੂ ਜਰਨੈਲ ਸਿੰਘ ਸਖੀਰਾ ਨੇ ਇਸ ’ਤੇ ਵਿਰੋਧ ਜਤਾਇਆ। ਇਸ ਤੋਂ ਬਾਅਦ ਜਥੇਦਾਰ ਗੜਗੱਜ ਵੱਲੋਂ ਕਿਸੇ ਨੂੰ ਵੀ ਸਿਰੋਪਾਓ ਨਹੀਂ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਅਤੇ ਹੋਰਨਾਂ ਨੂੰ ਸਿਰਪਾਓ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਭਾਈ ਬਲਜੀਤ ਸਿੰਘ ਵੱਲੋਂ ਦਿੱਤੇ ਗਏ।

ਭਾਈ ਮਹਿਲ ਸਿੰਘ ਬੱਬਰ, ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੇ ਜਨਰਲ ਸਕੱਤਰ ਸਨ ਅਤੇ ਸੁਖਦੇਵ ਸਿੰਘ ਬੱਬਰ ਦੇ ਭਰਾ ਸਨ। ਉਹ ਲੰਬੇ ਸਮੇਂ ਤੋਂ ਪਾਕਿਸਤਾਨ ਵਿੱਚ ਸਨ ਅਤੇ ਜਲਾਵਤਨੀ ਭੋਗ ਰਹੇ ਸਨ ਅਤੇ ਪਿਛਲੇ ਦਿਨੀਂ ਸ੍ਰੀ ਨਨਕਾਣਾ ਸਾਹਿਬ ਵਿਖੇ ਅਕਾਲ ਚਲਾਣਾ ਕਰ ਗਏ ਸਨ। ਉਹ ਆਪਣੇ ਪਿੱਛੇ ਪਤਨੀ, ਦੋ ਬੇਟੇ ਇੱਕ ਬੇਟੀ ਛੱਡ ਗਏ ਹਨ।

ਅੱਜ ਭੋਗ ਸਮਾਗਮ ਵਿੱਚ ਉਨ੍ਹਾਂ ਦੀ ਪਤਨੀ ਸਮੇਤ ਭਰਾ ਅਤੇ ਭੈਣਾਂ ਸਮੇਤ ਹੋਰ ਪਰਿਵਾਰਕ ਮੈਂਬਰ ਆਏ ਹੋਏ ਸਨ। ਇਸ ਮੌਕੇ ਵੱਡੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ ਦੇ ਪ੍ਰਤੀਨਿਧ ਵੀ ਪੁੱਜੇ ਹੋਏ ਸਨ।

ਇਸ ਦੌਰਾਨ ਇਹ ਚਰਚਾ ਵੀ ਚੱਲ ਰਹੀ ਹੈ ਕਿ ਸਮਾਗਮ ਮਗਰੋਂ ਸਿੱਖ ਜਥੇਬੰਦੀਆਂ ਦੇ ਪ੍ਰਤੀਨਿਧਾਂ ਵਿਚਾਲੇ ਤਲਖ਼ ਮਾਹੌਲ ਵੀ ਬਣਿਆ ਹੈ ਪਰ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਦੇ ਇੰਚਾਰਜ ਵੱਲੋਂ ਇਸ ਸਬੰਧੀ ਖ਼ਬਰ ਦਾ ਖੰਡਨ ਕੀਤਾ ਗਿਆ ਹੈ। ਉਨ੍ਹਾਂ ਅਜਿਹੀਆਂ ਰਿਪੋਰਟਾਂ ਨੂੰ ਬੇਬੁਨਿਆਦ ਦੱਸਿਆ ਹੈ।

Leave a Reply

Your email address will not be published. Required fields are marked *