Good Friday holiday: ਗੁੱਡ ਫਰਾਈਡੇ ਨੂੰ ਚੰਡੀਗੜ੍ਹ ਵਿਚ ਕੰਮਕਾਜੀ ਦਿਨ ਐਲਾਨੇ ਜਾਣ ਦੇ ਫੈਸਲੇ ਨੂੰ ਲੈ ਕੇ ਕਾਂਗਰਸ ਨੇ ਭਾਜਪਾ ਨੂੰ ਨਿਸ਼ਾਨਾ ਬਣਾਇਆ ਹੈ। ਕਾਂਗਰਸ ਦੇ ਕੌਮੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਭਾਜਪਾ ’ਤੇ ‘ਈਸਾਈ ਵਿਰੋਧੀ ਰਵੱਈਆ’ ਅਖ਼ਤਿਆਰ ਕਰਨ ਦਾ ਦੋਸ਼ ਲਾਇਆ ਹੈ।
ਵੇਣੂਗੋਪਾਲ ਨੇ ਸ਼ੁੱਕਰਵਾਰ ਨੂੰ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਚੰਡੀਗੜ੍ਹ ਵਿਚ ਗੁੱਡ ਫਰਾਈਡੇ ਨੂੰ ਕੰਮਕਾਜੀ ਦਿਨ ਐਲਾਨ ਕੇ ਭਾਜਪਾ ਨੇ ਮੁੜ ਆਪਣੀ ਈਸਾਈ ਭਾਈਚਾਰੇ ਵਿਰੋਧੀ ਮਾਨਸਿਕਤਾ ਨੂੰ ਦਰਸਾਇਆ ਹੈ।’’ ਇਸ ਫੈਸਲੇ ਖਿਲਾਫ਼ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸੰਸਦੀ ਅਹਾਤੇ ਵਿਚ ਵਿਰੋਧ ਪ੍ਰਦਰਸ਼ਨ ਕੀਤਾ।
ਵੇਣੂਗੋਪਾਲ ਨੇ ਦੋਸ਼ ਲਾਇਆ ਕਿ ਭਾਜਪਾ ਸ਼ਾਸਿਤ ਰਾਜਾਂ ਵਿਚ ਈਸਾਈ ਪਾਦਰੀ ਲਗਾਤਾਰ ਡਰ ਦੇ ਮਾਹੌਲ ਵਿਚ ਜੀ ਰਹੇ ਹਨ। ਉਨ੍ਹਾਂ ਕਿਹਾ, ‘‘ਭਾਜਪਾ ਈਸਾਈ ਭਾਈਚਾਰੇ ਦੇ ਹਿਤੈਸ਼ੀ ਹੋਣ ਦਾ ਢਕਵੰਜ ਕਰਦੀ ਹੈ, ਪਰ ਅਜਿਹੇ ਫੈਸਲਿਆਂ ਤੇ ਈਸਾਈ ਪਾਦਰੀਆਂ ਨੂੰ ਮਿਲਣ ਵਾਲੀਆਂ ਧਮਕੀਆਂ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਭਾਜਪਾ ਦੀ ਨੀਅਤ ਘੱਟਗਿਣਤੀਆਂ ਤੇ ਖਾਸ ਕਰਕੇ ਈਸਾਈ ਭਾਈਚਾਰੇ ਪ੍ਰਤੀ ਘਾਤਕ ਹੈ। ਉਹ ਨਹੀਂ ਚਾਹੁੰਦੇ ਕਿ ਈਸਾਈ ਭਾਈਚਾਰਾ ਅਮਨ ਅਮਾਨ ਨਾਲ ਰਹਿ ਸਕੇ ਤੇ ਸਹਿ-ਹੋਂਦ ਬਣੀ ਰਹੇ।’’ ਕਾਂਗਰਸ ਨੇ ਕੇਂਦਰ ਸਰਕਾਰ ਕੋਲੋਢਂ ਇਹ ਫੈਸਲਾ ਵਾਪਸ ਲੈਣ ਤੇ ਗੁੱਡ ਫਰਾਈਡੇ ਨੂੰ ਧਾਰਮਿਕ ਸਨਮਾਨ ਨਾਲ ਜਨਤਕ ਛੁੱਟੀ ਐਲਾਨੇ ਜਾਣ ਦੀ ਮੰਗ ਕੀਤੀ ਹੈ।