Ambedkar statue vandalised: ਫਿਲੌਰ ’ਚ ਅੰਬੇਡਕਰ ਦੇ ਬੁੱਤ ਦੁਆਲੇ ਲੱਗੇ ਸ਼ੀਸ਼ੇ ਦੀ ਭੰਨ-ਤੋੜ, SFJ ਨੇ ਲਈ ਜ਼ਿੰਮੇਵਾਰੀ

ਸੋਮਵਾਰ ਤੜਕੇ ਜਲੰਧਰ ਜ਼ਿਲ੍ਹੇ ’ਚ ਫਿਲੌਰ ਲਾਗਲੇ ਨੰਗਲ ਪਿੰਡ ਵਿੱਚ ਡਾ. ਬੀਆਰ ਅੰਬੇਡਕਰ ਦੇ ਬੁੱਤ ਦੇ ਆਲੇ-ਦੁਆਲੇ ਲਾਏ ਗਏ ਇੱਕ ਸ਼ੀਸ਼ੇ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਭੰਨ-ਤੋੜ ਦਿੱਤਾ ਗਿਆ। ਇਸ ਮਾਮਲੇ ਦੀ ਜ਼ਿੰਮੇਵਾਰੀ ਵੱਖਵਾਦੀ ਜਥੇਬੰਦੀ ਸਿੱਖਸ ਫਾਰ ਜਸਟਿਸ (SFJ) ਵੱਲੋਂ ਲਈ ਗਈ ਹੈ।

ਸ਼ੀਸ਼ੇ ਵਿੱਚ ਬੰਦ ਬੁੱਤ ਉਤੇ ਖਾਲਿਸਤਾਨ ਪੱਖੀ ਨਾਅਰੇ ਅਤੇ ਇਸਦੇ ਕਵਰ ‘ਤੇ ਭੜਕਾਊ ਟਿੱਪਣੀਆਂ ਲਿਖੀਆਂ ਮਿਲੀਆਂ ਹਨ।ਸ਼ੀਸ਼ੇ ‘ਤੇ “ਸਿੱਖ ਹਿੰਦੂ ਨਹੀਂ ਹਨ” ਅਤੇ “ਟਰੰਪ ਜ਼ਿੰਦਾਬਾਦ” ਵੀ ਲਿਖਿਆ ਸੀ। ਇਸੇ ਤਰ੍ਹਾਂ ਦੋ ਹੋਰ ਝੰਡਿਆਂ – ਇੱਕ ਭਗਵਾ ਅਤੇ ਦੂਜਾ ਨੀਲਾ – ਉਤੇ ਵੀ ਅਜਿਹਾ ਕੁਝ ਹੀ ਲਿਖਿਆ ਸੀ।

ਇੱਕ ਕਥਿਤ ਵੀਡੀਓ ਵਿੱਚ, SFJ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇਸ ਕਾਰਵਾਈ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਡਾ. ਅੰਬੇਡਕਰ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਉਤੇ ਭਾਰਤੀ ਸੰਵਿਧਾਨ ਦੇ ਖਰੜੇ ਵਿੱਚ ਆਪਣੀ ਭੂਮਿਕਾ ਰਾਹੀਂ ਸਿੱਖ ਪਛਾਣ ਨੂੰ ਮਿਟਾਉਣ ਵਿੱਚ ਯੋਗਦਾਨ ਪਾਉਣ ਦਾ ਦੋਸ਼ ਲਗਾਇਆ।

ਸੋਸ਼ਲ ਮੀਡੀਆ ‘ਤੇ SFJ ਦੇ ਬਿਆਨ ਨੇ ਸੰਵਿਧਾਨ ਦੀ ਧਾਰਾ 25(b) ਤਹਿਤ ਸਿੱਖਾਂ ਨੂੰ ਹਿੰਦੂਆਂ ਵਜੋਂ ਸ਼੍ਰੇਣੀਬੱਧ ਕਰਨ ਲਈ ਅੰਬੇਡਕਰ ਦੀ ਹੋਰ ਵੀ ਨਿੰਦਾ ਕੀਤੀ। ਉਨ੍ਹਾਂ 14 ਅਪਰੈਲ ਨੂੰ ਡਾ. ਅੰਬੇਡਕਰ ਦੇ ਜਨਮ ਦਿਨ ਤੋਂ ਪਹਿਲਾਂ ਪੰਜਾਬ ਤੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਦੀਆਂ ਮੂਰਤੀਆਂ ਨੂੰ ਹਟਾਉਣ ਲਈ ਕਿਹਾ ਹੈ।

ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਜਲੰਧਰ ਦੇ ਐਸਐਸਪੀ ਗੁਰਮੀਤ ਸਿੰਘ ਨੇ ਭੰਨ-ਤੋੜ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਸ ਸਬੰਧੀ ਐਫਆਈਆਰ ਦਰਜ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, “ਮੂਰਤੀ ਨੂੰ ਚੰਗੀ ਤਰ੍ਹਾਂ ਢੱਕਿਆ ਗਿਆ ਸੀ, ਪਰ ਕੁਝ ਸ਼ਰਾਰਤੀ ਤੱਤਾਂ ਨੇ ਇਸ ‘ਤੇ ਇਤਰਾਜ਼ਯੋਗ ਗੱਲਾਂ ਲਿਖੀਆਂ। ਅਸੀਂ ਜਾਂਚ ਦੀ ਕਰ ਰਹੇ ਹਾਂ ਅਤੇ ਜਲਦੀ ਹੀ ਮੁਲਜ਼ਮ ਫੜ ਲਏ ਜਾਣਗੇ।”

Leave a Reply

Your email address will not be published. Required fields are marked *