ਲੁਧਿਆਣਾ : ਈਦ ਦਾ ਦਿਨ ਨਫਰਤਾਂ ਨੂੰ ਮੁਹੱਬਤ ‘ਚ ਬਦਲਣ ਦਾ ਸੁਨੇਹਾ ਦਿੰਦਾ ਹੈ । ਜੋ ਫਿਰਕਾਪ੍ਰਸਤ ਤਾਕਤਾਂ ਦੇਸ਼ ‘ਚ ਨਫਰਤ ਦੀ ਰਾਜਨੀਤੀ ਕਰਨਾ ਚਾਹੁੰਦੀਆਂ ਹਨ, ਉਨਾਂ ਨੂੰ ਮੁੰਹ-ਤੋੜ ਜਵਾਬ ਦਿੱਤਾ ਜਾਵੇਗਾ । ਇਹ ਗੱਲ ਅੱਜ ਇੱਥੇ ਪੰਜਾਬ ਦੇ ਦੀਨੀ ਮਰਕਜ ਜਾਮਾ ਮਸਜਿਦ ਲੁਧਿਆਣਾ ‘ਚ ਈਦ ਉਲ ਫਿਤਰ ਦੇ ਮੌਕੇ ‘ਤੇ ਆਯੋਜਿਤ ਰਾਜ ਪੱਧਰੀ ਸਮਾਗਮ ਦੇ ਦੌਰਾਨ ਹਜਾਰਾਂ ਮੁਸਲਮਾਨਾਂ ਨੂੰ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਹੀ । ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਦੇ ਦਿਨ ਰੋਜਾ ਰੱਖਣ ਵਾਲਿਆਂ ਲਈ ਅੱਲਾਹ ਤਆਲਾ ਵੱਲੋਂ ਇਨਾਮ ਹੈ । ਉਨ੍ਹਾਂ ਕਿਹਾ ਕਿ ਅਸੀ ਦੁਆ ਕਰਦੇ ਹਨ ਕਿ ਅੱਜ ਦਾ ਦਿਨ ਦੁਨੀਆ ਭਰ ਦੇ ਲੋਕਾਂ ਲਈ ਅਮਨ ਦਾ ਸੁਨੇਹਾ ਲੈ ਕੇ ਆਏ । ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਜਨਤਾ ਦੀ ਸ਼ਕਲ ‘ਚ ਰਹਿ ਰਹੇ ਕਰੋੜਾਂ ਹਿੰਦੂ , ਮੁਸਲਮਾਨ , ਸਿੱਖ , ਈਸਾਈ , ਦਲਿਤ ਆਦਿ ਇੱਕ ਗੁਲਦਸਤਾ ਹਨ ਅਤੇ ਇਸ ਗੁਲਦਸਤੇ ਨੂੰ ਕਿਸੇ ਕੀਮਤ ‘ਤੇ ਬਿਖਰਣ ਨਹੀਂ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਜਾਮਾ ਮਸਜਿਦ ਲੁਧਿਆਣਾ ਤੋਂ ਹਮੇਸ਼ਾ ਆਪਸੀ ਭਾਈ ਚਾਰੇ ਦਾ ਸੁਨੇਹਾ ਦਿੱਤਾ ਗਿਆ ਹੈ, ਜਿਸਦੀ ਮਿਸਾਲ ਅੱਜ ਈਦ ਦੇ ਪੱਵਿਤਰ ਮੌਕੇ ‘ਤੇ ਇੱਥੇ ਮੌਜੂਦ ਸਾਰੇ ਧਰਮਾਂ ਦੇ ਧਾਰਮਿਕ ਅਤੇ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਦੀ ਹਾਜ਼ਰੀ ਹੈ । ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਅੰਗਰੇਜਾਂ ਦੇ ਖਿਲਾਫ ਦੇਸ਼ ਦੀ ਆਜ਼ਾਦੀ ਲਈ ਲੜੀ ਗਈ ਜੰਗ ਤੋਂ ਲੈ ਕੇ ਅੱਜ ਤੱਕ ਮੁਸਲਮਾਨਾਂ ਨੇ ਆਪਣੇ ਦੇਸ਼ ਲਈ ਬੇਸ਼ੁਮਾਰ ਕੁਰਬਾਨੀਆਂ ਦਿੱਤੀਆਂ ਹਨ। ਜਿਨ੍ਹਾਂ ਨੂੰ ਨਜਰਅੰਦਾਜ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਕਿਹਾ ਕਿ ਅੱਜ ਮੈਂ ਈਦ ਦੇ ਇਸ ਮੁਬਾਰਕ ਮੌਕੇ ‘ਤੇ ਜਿੱਥੇ ਪੰਜਾਬ ਦੇ ਸਾਰੇ ਲੋਕਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਉਥੇ ਹੀ ਅੱਲਾਹ ਤੋਂ ਦੁਆ ਕਰਦਾ ਹਾਂ ਕਿ ਅੱਜ ਦਾ ਦਿਨ ਇਸ ਦੇਸ਼ ਅਤੇ ਸਾਡੇ ਰਾਜ ਲਈ ਰਹਿਮਤ ਅਤੇ ਬਰਕਤ ਦਾ ਪੈਗਾਮ ਲੈ ਕੇ ਆਏ ।
ਈਦ -ਉਲ-ਫਿਤਰ ਦੇ ਮੌਕੇ ‘ਤੇ ਲੁਧਿਆਣਾ ਜਾਮਾ ਮਸਜਿਦ ‘ਚ ਹਜਾਰਾਂ ਮੁਸਲਮਾਨਾਂ ਨੇ ਅਦਾ ਕੀਤੀ ਨਮਾਜ਼, ਇਕ ਦੂਜੇ ਨੂੰ ਗਲ ਲੱਗ ਕੇ ਦਿੱਤੀ ਵਧਾਈ
