ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਮੁੱਖ ਆਗੂ ਸਰਵਣ ਸਿੰਘ ਪੰਧੇਰ ਅੱਜ ਸਵੇਰੇ ਸ੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਤੋਂ ਰਿਹਾਅ ਹੋ ਗਏ ਹਨ। ਰਿਹਾਈ ਸਬੰਧੀ ਜਾਣਕਾਰੀ ਉਨ੍ਹਾਂ ਵੱਲੋਂ ਇਕ ਆਡੀਓ ਜਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਹ ਰਿਹਾਈ ਤੋਂ ਬਾਅਦ ਹੁਣ ਬਹਾਦਰਗੜ੍ਹ ਜਾ ਰਹੇ ਹਨ, ਜਿੱਥੇ ਪਹੁੰਚਣ ਉਪਰੰਤ ਉਹ ਅਗਲਾ ਪ੍ਰੋਗਰਾਮ ਉਲੀਕਣਗੇ।
ਜ਼ਿਕਰਯੋਗ ਹੈ ਕਿ ਸਰਵਣ ਸਿੰਘ ਪੰਧੇਰ ਨੂੰ 19 ਮਾਰਚ ਨੂੰ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਤੋਂ ਬਾਅਦ ਪੰਜਾਬ ਦੇ ਵਜ਼ੀਰਾਂ ਨਾਲ ਹੋਈ ਮੀਟਿੰਗ ਤੋਂ ਮਗਰੋਂ ਵਾਪਸ ਸ਼ੰਭੂ ਅਤੇ ਖਨੌਰੀ ਬਾਰਡਰਾਂ ਲਈ ਵਾਪਸ ਆਉਂਦਿਆਂ ਪੰਜਾਬ ਪੁਲੀਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਸੀ।
ਕਿਸਾਨਾਂ ਨੂੰ ਰਿਹਾਈ ਕਿਸਾਨ ਜਥੇਬੰਦੀਆਂ ਦੀ ਜਿੱਤ
ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫੜੇ ਗਏ ਕਿਸਾਨ ਆਗੂਆਂ ਨੂੰ ਰਿਹਾਅ ਕਰਨਾ ਕਿਸਾਨ ਜਥੇਬੰਦੀਆਂ ਦੀ ਵੱਡੀ ਜਿੱਤ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਰਿਹਾਈ ਲਈ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪੰਜਾਬ ਸਮੇਤ ਦੇਸ਼ ਭਰ ਦੇ ਜ਼ਿਲ੍ਹਾ ਹੈਡਕੁਆਰਟਰਾਂ ਉੱਤੇ ਧਰਨੇ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਵੇਂ ਕਿਸਾਨਾਂ ਨੂੰ ਸਰਕਾਰ ਮਜ਼ਬੂਰਨ ਰਿਹਾਅ ਕਰਨ ਲੱਗੀ ਹੈ, ਪਰ ਇਸ ਦੇ ਬਾਵਜੂਦ ਅੱਜ ਦੇ ਜਬਰ ਵਿਰੋਧੀ ਧਰਨੇ ਜਾਰੀ ਰਹਿਣਗੇ, ਜਿਸ ਦੌਰਾਨ ਕਿਸਾਨਾਂ ਦੀ ਰਿਹਾਈ ਤੋਂ ਇਲਾਵਾ ਹੋਰ ਮੰਗਾਂ ਮਸਲਿਆਂ ਨੂੰ ਵੀ ਉਭਾਰਿਆ ਜਾਵੇਗਾ।