ਪਟਿਆਲਾ : ਸ਼ੰਭੂ ਬਾਰਡਰ ਤੇ ਕਿਸਾਨੀ ਮੋਰਚੇ ਵਿੱਚ ਖੜੀਆਂ ਟਰਾਲੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਘਨੌਰ ਪੁਲਿਸ ਨੇ ਪਿੰਡ ਲੋਹ ਸਿੰਬਲੀ ਵਾਸੀ ਰਿੰਕੂ ਨਾਮੀ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ 3 ਟਰਾਲੀਆਂ ਬਰਾਮਦ ਕੀਤੀਆਂ ਹਨ। ਜਾਣਕਾਰੀ ਅਨੁਸਾਰ ਸੰਭੂ ਬਾਰਡਰ ਤੋਂ ਕਿਸਾਨੀ ਧਰਨਾ ਚੁੱਕੇ ਜਾਣ ਦੌਰਾਨ 19 ਅਤੇ 20 ਮਾਰਚ ਦਰਮਿਆਨੀ ਰਾਤ ਕਿਸਾਨਾਂ ਦਾ ਕਾਫੀ ਸਮਾਨ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।
ਬੀਤੇ ਦੋ ਦਿਨਾਂ ਤੋਂ ਕਿਸਾਨ ਲਗਾਤਾਰ ਮੋਰਚੇ ਵਾਲੀ ਜਗ੍ਹਾ ਤੇ ਪੁੱਜ ਕੇ ਆਪੋ ਆਪਣਾ ਸਮਾਨ ਲੱਭ ਰਹੇ ਹਨ। ਇਸੇ ਦੌਰਾਨ ਹੀ ਕੁਝ ਟਰਾਲੀਆਂ ਘਨੌਰ ਨੇੜੇ ਪਿੰਡ ਲੋਹ ਸਿੰਬਲੀ ਦੇ ਇੱਕ ਘਰ ਵਿੱਚ ਖੜ੍ਹੀਆਂ ਮਿਲੀਆਂ ਹਨ। ਦੱਸਣਾ ਬਣਦਾ ਹੈ ਕਿ ਟਰਾਲੀਆਂ ਬਰਾਮਦ ਹੋਣ ਸਬੰਧੀ ਕੁਝ ਵਿਅਕਤੀਆਂ ਵੱਲੋਂ ਹਲਕਾ ਘਨੌਰ ਤੇ ਵੀ ਗੰਭੀਰ ਦੋਸ਼ ਲਗਾਉਂਦਿਆਂ ਵੀਡੀਓ ਵਾਇਰਲ ਕੀਤੀ ਗਈ। ਜਿਸ ਦਾ ਖੰਡਨ ਕਰਦਿਆਂ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਜਾਣ ਬੁਝ ਕੇ ਉਹਨਾਂ ਨੂੰ ਬਦਨਾਮ ਕਰਨ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਜਦੋਂ ਕਿ ਇਸ ਮਾਮਲੇ ਵਿੱਚ ਉਹਨਾਂ ਦਾ ਕੋਈ ਵੀ ਸੰਬੰਧ ਨਹੀਂ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਘਨੌਰ ਹਰਮਨ ਪ੍ਰੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਉਹਨਾਂ ਦੀਆਂ ਟਰਾਲੀਆਂ ਚੋਰੀ ਹੋਣ ਸਬੰਧੀ ਸੂਚਨਾਵਾਂ ਮਿਲੀਆਂ ਸੀ ਜਿਸ ਦੇ ਅਧਾਰ ਤੇ ਪੁਲਿਸ ਟੀਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਸੀ। ਜਾਂਚ ਦੌਰਾਨ ਹੀ ਪੁਲਿਸ ਟੀਮ ਨੂੰ ਸੰਭੂ ਮੋਰਚੇ ਦੀਆਂ ਕੁਝ ਟਰਾਲੀਆਂ ਲੋ ਸਿੰਬਲੀ ਪਿੰਡ ਵਿੱਚ ਖੜੀਆਂ ਹੋਣ ਦੀ ਸੂਚਨਾ ਮਿਲੀ। ਜਿਸ ਤੇ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਟਰਾਲੀਆਂ ਨੂੰ ਬਰਾਮਦ ਕਰ ਲਿਆ ਹੈ ਅਤੇ ਇਸ ਸਬੰਧੀ ਲੋ ਸਿੰਬਲੀ ਵਾਸੀ ਟਿੰਕੂ ਨਾਮੀ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।