ਜਲੰਧਰ: ਜਲੰਧਰ ਦੇ ਰਾਏਪੁਰ ਰਸੂਲਪੁਰ ਵਿਚ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਪੰਜਾਬ ਪੁਲਸ ਵੱਲੋਂ ਇਕ Youtuber ਦਾ ਐਨਕਾਊਂਟਰ ਕੀਤਾ ਗਿਆ ਹੈ। ਪੁਲਸ ਮੁਕਾਬਲੇ ਦੌਰਾਨ ਉਹ ਲੱਤ ਵਿਚ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਦਿਹਾਤੀ ਦੇ ਐੱਸ.ਐੱਸ.ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ 16 ਮਾਰਚ ਨੂੰ ਜਲੰਧਰ ਵਿਚ Youtuber ਰੋਜਰ ਸੰਧੂ ਦੇ ਘਰ ‘ਤੇ ਗ੍ਰਨੇਡ ਸੁੱਟਿਆ ਗਿਆ ਸੀ, ਪਰ ਗ੍ਰਨੇਡ ਫਟਿਆ ਨਹੀ ਸੀ। ਇਸ ਮਾਮਲੇ ਦੀ ਜਾਂਚ ਲਈ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜਾਂਚ ਦੌਰਾਨ ਗ੍ਰਨੇਡ ਸੁੱਟਣ ਵਾਲੇ ਮੁਲਜ਼ਮ ਦੀ ਪਛਾਣ ਯਮੁਨਾਨਗਰ ਦੇ ਪਿੰਡ ਵੇਹਤਾ ਵਾਸੀ ਹਾਰਦਿਕ ਕੰਬੋਜ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਕੰਬੋਜ ਨੂੰ ਸੋਮਵਾਰ ਨੂੰ ਪਿੰਡ ਵੇਹਤਾ ਤੋਂ ਗ੍ਰਿਫ਼ਤਾਰ ਕਰ ਲਿਆ ਸੀ।
ਐੱਸ.ਐੱਸ.ਪੀ ਨੇ ਦੱਸਿਆ ਕਿ ਹਥਿਆਰ ਦੀ ਬਰਾਮਦਕੀ ਲਈ ਪੁਲਸ ਪਾਰਟੀ ਕੰਬੋਜ ਨੂੰ ਲੈ ਕੇ ਗਈ ਸੀ, ਜਿੱਥੇ ਉਸ ਨੇ ਪੁਲਸ ਪਾਰਟੀ ‘ਤੇ ਗੋਲ਼ੀ ਚਲਾ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਆਤਮ-ਰੱਖਿਆ ਵਿਚ ਜਵਾਬੀ ਫ਼ਾਇਰਿੰਗ ਵਿਚ ਕੰਬੋਜ ਜ਼ਖ਼ਮੀ ਹੋ ਗਿਆ। ਉਨ੍ਹਾਂ ਕਿਹਾ ਕਿ ਉਸ ਨੂੰ ਇਲਾਜ ਲਈ ਜਲੰਧਰ ਦੇ ਸਿਵਲ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ।
ਐੱਸ.ਐੱਸ.ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਹਾਰਦਿਕ ਕੰਬੋਜ ਪੇਸ਼ੇ ਤੋਂ Youtuber ਹੈ ਤੇ ਇਸ ਦੇ ਗੈਂਗਸਟਰਾਂ ਤੇ ਅੱਤਵਾਦੀਆਂ ਦੇ ਨਾਲ ਲਿੰਕ ਹਨ। ਉਹ Instagram ਰਾਹੀਂ ਪਾਕਿਸਤਾਨੀ Youtuber ਸ਼ਹਿਜ਼ਾਦ ਭੱਟੀ ਨਾਲ ਜੁੜਿਆ ਸੀ। ਉਨ੍ਹਾਂ ਵੱਲੋਂ ਇਸ ਦੇ ਖਾਤੇ ਵਿਚ 25 ਹਜ਼ਾਰ ਰੁਪਏ ਦੇ ਕਰੀਬ ਭੇਜੇ ਗਏ ਸਨ। ਉਨ੍ਹਾਂ ਕਿਹਾ ਕਿ ਸ਼ਹਿਜ਼ਾਦ ਭੱਟੀ ਤੇ ਰੋਜਰ ਸੰਧੂ ਵੀ Youtuber ਹੋਣ ਕਾਰਨ ਆਪਸ ਵਿਚ ਸੰਪਰਕ ਵਿਚ ਸੀ ਤੇ ਮੋਬਾਈਲ ‘ਤੇ ਆਨਲਾਈਨ ਗੇਮ ਵੀ ਖੇਡਦੇ ਸਨ। ਦੋਹਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ, ਜਿਸ ਕਾਰਨ ਭੱਟੀ ਨੇ ਸੰਧੂ ਦੇ ਘਰ ‘ਤੇ ਗ੍ਰਨੇਡ ਹਮਲਾ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਨਕੋਦਰ ਦੇ ਪਿੰਡ ਸ਼ੰਕਰ ਦੇ ਨੌਜਵਾਨ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਪੁਲਸ ਵੱਲੋਂ ਡੂੰਘਾਈ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।