ਨਵੀਂ ਦਿੱਲੀ, ਕੌਮੀ ਰਾਜਧਾਨੀ ਦੇ ਲਾਹੌਰੀ ਗੇਟ ਥਾਣਾ ਖੇਤਰ ’ਚ ਇੱਕ ਕਾਰੋਬਾਰੀ ਤੋਂ ਕਰੀਬ 80 ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਬਦਮਾਸ਼ ਨੇ ਪਹਿਲਾਂ ਗੋਲੀਆਂ ਚਲਾਈਆਂ ਅਤੇ ਫਿਰ ਕਾਰੋਬਾਰੀ ਤੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਇਹ ਘਟਨਾ ਲਾਹੌਰੀ ਗੇਟ ਥਾਣਾ ਖੇਤਰ ਦੇ ਹਵੇਲੀ ਹੈਦਰ ਕੁਲੀ ਚਾਂਦਨੀ ਚੌਕ ਵਿੱਚ ਵਾਪਰੀ। ਦਿੱਲੀ ’ਚ ਹੋਈ ਇਸ ਲੁੱਟ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਇਸ ਘਟਨਾ ਸਬੰਧੀ ਉੱਤਰੀ ਜ਼ਿਲ੍ਹੇ ਦੀਆਂ ਵੱਖ-ਵੱਖ ਪੁਲੀਸ ਟੀਮਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲੁੱਟ ਦੀ ਇਹ ਘਟਨਾ ਸੋਮਵਾਰ 17 ਮਾਰਚ ਦੀ ਸ਼ਾਮ ਨੂੰ ਵਾਪਰੀ। ਘਟਨਾ ਦੀ ਵਾਇਰਲ ਵੀਡੀਓ ਅਨੁਸਾਰ ਇਕ ਬਦਮਾਸ਼ ਪਿੱਛਿਓਂ ਆਉਂਦਾ ਹੈ ਅਤੇ ਕਾਰੋਬਾਰੀ ’ਤੇ ਬੰਦੂਕ ਤਾਣ ਕੇ ਉਸ ਤੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਲੈਂਦਾ ਹੈ। ਲੁੱਟ ਦੀ ਇਸ ਘਟਨਾ ਨਾਲ ਇਲਾਕੇ ’ਚ ਸਨਸਨੀ ਫੈਲ ਗਈ ਹੈ। ਚਹਿਲ ਪਹਿਲ ਵਾਲੇ ਇਲਾਕੇ ਵਿਚ ਵਾਰਦਾਤ ਵਾਲੀ ਥਾਂ ਨੇੜੇ ਦੁਕਾਨਦਾਰ ਅਤੇ ਰਾਹਗੀਰ ਵੀ ਮੌਜੂਦ ਸਨ, ਪਰ ਡਰ ਕਾਰਨ ਕਿਸੇ ਨੇ ਵੀ ਕਥਿਤ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਨਾ ਹੀ ਕੋਈ ਵਿਰੋਧ ਕੀਤਾ।