ਮੰਡੀ ਬਰੀਵਾਲਾ : ਪਿਓ-ਪੁੱਤ ਨੇ ਇੱਥੋਂ ਨੇੜਲੇ ਪਿੰਡ ਵੜਿੰਗ ਕੋਲੋਂ ਲੰਘਦੀ ਰਾਜਸਥਾਨ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਲਗਦਿਆਂ ਹੀ ਵੱਡੀ ਗਿਣਤੀ ’ਚ ਲੋਕ ਇਕੱਤਰ ਹੋ ਗਏ। ਓਧਰ ਮੌਕੇ ’ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਵੱਲੋਂ ਨਹਿਰ ’ਚ ਦੋਵਾਂ ਜਣਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ।
ਇਕੱਤਰ ਜਾਣਕਾਰੀ ਅਨੁਸਾਰ ਗੁਰਲਾਲ ਸਿੰਘ (42) ਤੇ ਉਸਦਾ ਬੇਟਾ ਬਲਜੋਤ ਸਿੰਘ (15) ਵਾਸੀ ਪਿੰਡ ਮੜ੍ਹਾਕ ਜੋ ਕਿ ਮੋਟਰਸਾਈਕਲ ‘ਤੇ ਪਿੰਡ ਵੜਿੰਗ ਨੇੜੇ ਨਹਿਰ ਕੋਲ ਆਏ ਤੇ ਅਚਾਨਕ ਦੋਵਾਂ ਨੇ ਨਹਿਰ ’ਚ ਛਾਲ ਮਾਰ ਦਿੱਤੀ। ਜਿਵੇਂ ਹੀ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਓਧਰ ਥਾਣਾ ਬਰੀਵਾਲਾ ਪੁਲਿਸ ਨੇ ਮੌਕੇ ’ਤੇ ਬਚਾਅ ਕਾਰਜ ਅਰੰਭ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਗੁਰਲਾਲ ਸਿੰਘ ਸਿਰ ਕਰਜ਼ਾ ਸੀ ਜਿਸ ਤੋਂ ਉਹ ਕਾਫ਼ੀ ਪਰੇਸ਼ਾਨ ਰਹਿੰਦਾ ਸੀ ਤੇ ਇਸੇ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ। ਪਤਾ ਲੱਗਾ ਹੈ ਕਿ ਬਲਜੋਤ ਸਿੰਘ ਪਿੰਡ ਹਰੀਕੇ ਕਲਾਂ ਵਿਖੇ ਸਥਿਤ ਇਕ ਨਿੱਜੀ ਸਕੂਲ ਦਾ ਵਿਦਿਆਰਥੀ ਸੀ। ਓਧਰ ਇਸ ਘਟਨਾ ਨਾਲ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।