ਪੋਰਟ ਲੂਈ, ਚੀਨ ਵੱਲੋਂ ਖੇਤਰ ਵਿੱਚ ਆਪਣੇ ਪ੍ਰਭਾਵ ਨੂੰ ਵਧਾਉਣ ਲਈ ਲਾਏ ਜਾ ਰਹੇ ਪੂਰੇ ਜ਼ੋਰ ਦੇ ਪਿਛੋਕੜ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਮਾਰਿਸ਼ਸ ਵਿਚ ਗਲੋਬਲ ਸਾਊਥ ਲਈ ਸੁਰੱਖਿਆ ਅਤੇ ਵਿਕਾਸ ਦੇ ਇੱਕ ਸ਼ਾਨਦਾਰ ਦ੍ਰਿਸ਼ਟੀਕੋਣ ਨੂੰ ਜੱਗਜ਼ਾਹਰ ਕੀਤਾ। ਮੋਦੀ ਨੇ ਇਹ ਟਿੱਪਣੀਆਂ ਇਸ ਟਾਪੂ ਮੁਲਕ ਦੀ ਇਸ ਰਾਜਧਾਨੀ ਵਿੱਚ ਭਾਰਤ ਅਤੇ ਮਾਰਿਸ਼ਸ ਵਿਚਕਾਰ ਆਪਣੇ ਮੌਰੀਸ਼ੀਅਨ ਹਮਰੁਤਬਾ ਨਵੀਨਚੰਦਰ ਰਾਮਗੁਲਾਮ ਨਾਲ ਕਈ ਮੁੱਖ ਸਮਝੌਤਿਆਂ ‘ਤੇ ਸਹੀ ਪਾਏ ਜਾਣ ਦੇ ਕਾਰਵਾਈ ਦੇ ਗਵਾਹ ਬਣਨ ਤੋਂ ਬਾਅਦ ਕੀਤੀਆਂ।
ਦੋਵਾਂ ਧਿਰਾਂ ਵਿਚਕਾਰ ਅੱਠ ਸਮਝੌਤੇ ਪੱਕੇ ਕੀਤੇ ਗਏ ਜਿਨ੍ਹਾਂ ਵਿੱਚ ਸਮੁੰਦਰੀ ਸੁਰੱਖਿਆ, ਰਾਸ਼ਟਰੀ ਮੁਦਰਾਵਾਂ ਵਿੱਚ ਵਪਾਰ ਅਤੇ ਸਮਰੱਥਾ ਨਿਰਮਾਣ ਸਮੇਤ ਕਈ ਖੇਤਰਾਂ ਵਿੱਚ ਸਹਿਯੋਗ ਪ੍ਰਦਾਨ ਕੀਤਾ ਗਿਆ।
ਆਪਣੇ ਮੀਡੀਆ ਬਿਆਨ ਵਿੱਚ, ਮੋਦੀ ਨੇ ਐਲਾਨ ਕੀਤਾ ਕਿ ਗਲੋਬਲ ਸਾਊਥ ਲਈ ਭਾਰਤ ਦਾ ਨਵਾਂ ਦ੍ਰਿਸ਼ਟੀਕੋਣ “ਮਹਾਸਾਗਰ” (“MAHASAGAR”) ਜਾਂ “ਖੇਤਰਾਂ ਵਿੱਚ ਸੁਰੱਖਿਆ ਅਤੇ ਵਿਕਾਸ ਲਈ ਆਪਸੀ ਅਤੇ ਸੰਪੂਰਨ ਤਰੱਕੀ” (“Mutual and Holistic Advancement for Security and Growth Across Regions”) ਵਿਕਾਸ ਅਤੇ ਸੁਰੱਖਿਆ ਲਿਆਏਗਾ।
ਮਾਰਿਸ਼ਸ਼ ਦੀ ਆਪਣੀ ਫੇਰੀ ਦੇ ਦੂਜੇ ਅਤੇ ਆਖਰੀ ਦਿਨ ਮੋਦੀ ਨੇ ਇਹ ਐਲਾਨ ਕਰਦਿਆਂ ਕਿਹਾ, “ਗਲੋਬਲ ਸਾਊਥ ਲਈ ਸਾਡਾ ਦ੍ਰਿਸ਼ਟੀਕੋਣ ਮਹਾਸਾਗਰ ਹੋਵੇਗਾ – ਖੇਤਰਾਂ ਵਿੱਚ ਸੁਰੱਖਿਆ ਅਤੇ ਵਿਕਾਸ ਲਈ ਆਪਸੀ ਅਤੇ ਸੰਪੂਰਨ ਤਰੱਕੀ।”
ਉਨ੍ਹਾਂ ਕਿਹਾ, “ਸਾਡਾ ਦ੍ਰਿਸ਼ਟੀਕੋਣ ਵਿਕਾਸ ਲਈ ਵਪਾਰ, ਟਿਕਾਊ ਤਰੱਕੀ ਲਈ ਸਮਰੱਥਾ ਨਿਰਮਾਣ ਅਤੇ ਸਾਂਝੇ ਭਵਿੱਖ ਲਈ ਆਪਸੀ ਸੁਰੱਖਿਆ ‘ਤੇ ਕੇਂਦਰਿਤ ਹੈ।” ਉਸਨੇ ਕਿਹਾ। ਮੋਦੀ ਨੇ ਮਾਰਿਸ਼ਸ ਨੂੰ ਭਾਰਤ ਦਾ ਇੱਕ ਅਹਿਮ ਭਾਈਵਾਲ ਕਰਾਰ ਦਿੱਤਾ।
ਉਨ੍ਹਾਂ ਇਹ ਵੀ ਯਾਦ ਕੀਤਾ ਕਿ 10 ਸਾਲ ਪਹਿਲਾਂ ਮਾਰਿਸ਼ਸ ਵਿੱਚ ਭਾਰਤ ਦਾ ‘ਸਾਗਰ’ ਜਾਂ ‘ਖੇਤਰ ਵਿੱਚ ਸਾਰਿਆਂ ਲਈ ਸੁਰੱਖਿਆ ਅਤੇ ਵਿਕਾਸ’ (Security and Growth for All in the Region) ਦਾ ਦ੍ਰਿਸ਼ਟੀਕੋਣ ਕਿਵੇਂ ਰੱਖਿਆ ਗਿਆ ਸੀ।