ਮੱਧ ਪ੍ਰਦੇਸ਼ ਦੇ ਰਤਲਾਮ ਦੀਆਂ ਸੜਕਾਂ ’ਤੇ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ, ਜਿਥੇ ਇੱਕ ਵਿਅਕਤੀ ਨੇ ਦਾਅਵਾ ਕੀਤਾ ਕਿ ਉਸ ਨੂੰ ਇੱਕ ਨਿੱਜੀ ਹਸਪਤਾਲ ਦੇ ਆਈਸੀਯੂ ਵਿੱਚ ਬੰਦੀ ਬਣਾਇਆ ਗਿਆ ਹੈ। ਉਸਦੀ ਪਤਨੀ ਨੂੰ ਕਥਿਤ ਤੌਰ ’ਤੇ ਇਹ ਕਹਿ ਕੇ ਗੁੰਮਰਾਹ ਕੀਤਾ ਗਿਆ ਕਿ ਉਹ ਕੋਮਾ ਵਿੱਚ ਹੈ ਅਤੇ ਉਸਦੇ ਇਲਾਜ ਲਈ ਪੈਸਿਆਂ ਦੀ ਲੋੜ ਹੈ। ਆਈਸੀਯੂ ਤੋਂ ਭੱਜ ਕੇ ਬਾਹਰ ਆਏ ਵਿਅਕਤੀ ਨੇ ਪੂਰੀ ਆਪ ਬੀਤੀ ਸਾਂਝੀ ਕੀਤੀ। ਇਸ ਘਟਨਾ ਦੀ ਇੱਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਰਿਪੋਰਟਾਂ ਅਨੁਸਾਰ ਇਕ ਵਿਅਕਤੀ ਨੂੰ ਗੀਤਾ ਦੇਵੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਸਟਾਫ ਨੇ ਪੈਸੇ ਠੱਗਣ ਦੀ ਕੋਸ਼ਿਸ਼ ਵਿੱਚ ਕਥਿਤ ਤੌਰ ’ਤੇ ਉਸਦੀ ਪਤਨੀ ਨੂੰ ਕਿਹਾ ਕਿ ਉਸ ਦੇ ਪਤੀ ਦੀ ਹਾਲਤ ਗੰਭੀਰ ਹੈ ਅਤੇ ਉਸਦੇ ਇਲਾਜ ਲਈ ਪੈਸੇ ਜਮ੍ਹਾਂ ਕਰਵਾਏ ਜਾਣ। ਉਸ ਤੋਂ 50,000 ਰੁਪਏ ਦੀ ਮੰਗ ਕੀਤੀ ਗਈ।
ਇਸ ਤੋਂ ਕੁੱਝ ਸਮੇਂ ਬਾਅਦ ਫਿਰ ਕਿਹਾ ਗਿਆ ਕਿ ਉਸਦੇ ਪਤੀ ਦੀ ਹਾਲਤ ਵਿਗੜ ਗਈ ਹੈ ਅਤੇ ਉਹ ਕੋਮਾ ਵਿੱਚ ਚਲਾ ਗਿਆ ਹੈ। ਫਿਰ ਹਸਪਤਾਲ ਨੇ ਉਸਦੀ ਦੇਖਭਾਲ ਲਈ ਹੋਰ ਪੈਸਿਆਂ ਦੀ ਮੰਗ ਕੀਤੀ। ਜਦੋਂ ਪਤਨੀ 1 ਲੱਖ ਰੁਪਏ ਲੈ ਕੇ ਹਸਪਤਾਲ ਵਾਪਸ ਆਈ ਤਾਂ ਉਸ ਨੇ ਦੇਖਿਆ ਵਿਅਕਤੀ (ਉਸਦਾ ਪਤੀ) ਸੜਕ ’ਤੇ ਖੜ੍ਹਾ ਹੈ, ਜਿਸਨੂੰ ਕਥਿਤ ਤੌਰ ’ਤੇ ਆਈਸੀਯੂ ਵਿੱਚ ਬੰਨ੍ਹ ਕੇ ਰੱਖਿਆ ਗਿਆ ਸੀ ਪਰ ਉਹ ਆਪਣੇ ਆਪ ਨੂੰ ਛੁਡਾਉਣ ਵਿੱਚ ਕਾਮਯਾਬ ਹੋ ਗਿਆ। ਵਾਇਰਲ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਵਿਅਕਤੀ ਸੜਕ ’ਤੇ ਹੈ ਅਤੇ ਉਸ ਨੇ ਪੂਰੇ ਕੱਪੜੇ ਵੀ ਨਹੀਂ ਪਾਏ ਹੋਏ ਹਨ ਅਤੇ ਨੱਕ ਵਿਚ ਇੱਕ ਪਾਈਪ ਲੱਗੀ ਹੋਈ ਹੈ। ਇਸ ਦੌਰਾਨ ਉਹ ਲੋਕਾਂ ਨੂੰ ਸਾਰੀ ਘਟਨਾ ਬਾਰੇ ਦੱਸ ਰਿਹਾ ਹੈ।
ਇਸ ਘਟਨਾ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਿਆ ਅਤੇ ਸੋਸ਼ਲ ਮੀਡੀਆ ‘ਤੇ ਵਿਆਪਕ ਰੋਸ ਫੈਲ ਗਿਆ। ਬਹੁਤ ਸਾਰੇ ਲੋਕ ਹੁਣ ਇਸ ਮਾਮਲੇ ਦੀ ਜਾਂਚ ਦੀ ਮੰਗ ਕਰ ਰਹੇ ਹਨ।