ਹੁਸ਼ਿਆਰਪੁਰ – ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਪੁਲਸ ਵੱਲੋਂ ਸੂਬੇ ’ਚ ਸ਼ੁਰੂ ਕੀਤੇ ਓਪਰੇਸ਼ਨ ਸੀਲ-9 ਹੇਠ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ 11 ਇੰਟਰ ਸਟੇਟ ਨਾਕਿਆਂ ’ਤੇ ਚੈਕਿੰਗ ਜਾਰੀ ਹੈ। ਐੱਸ. ਐੱਸ. ਪੀ. ਸੰਦੀਪ ਕੁਮਾਰ ਮਲਿਕ ਨੇ ਸਵੇਰੇ ਹਿਮਾਚਲ ਪ੍ਰਦੇਸ਼ ਦੀ ਹੱਦ ’ਤੇ ਸਥਾਪਿਤ ਮੰਗੂਵਾਲ ਪੁਲਸ ਨਾਕੇ ’ਤੇ ਪਹੁੰਚ ਕੇ ਚੈਕਿੰਗ ਦੀ ਸਮੀਖਿਆ ਕੀਤੀ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਓਪਰੇਸ਼ਨ ਦਾ ਮਕਸਦ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ, ਨਾਜਾਇਜ਼ ਗਤੀਵਿਧੀਆਂ ਅਤੇ ਜ਼ੁਰਮ ਕਰਕੇ ਦੂਜੇ ਸੂਬਿਆਂ ’ਚ ਪ੍ਰਵੇਸ਼ ਕਰਨ ਵਾਲੇ ਮੁਲਜ਼ਮਾਂ ਦੀ ਸ਼ਨਾਖਤ ਕਰਕੇ ਕਾਬੂ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਸ ਵੱਲੋਂ ਨਸ਼ਾ ਸਮਗਲਰਾਂ ਵਿਰੁੱਧ ਪੂਰੀ ਸਖ਼ਤੀ ਵਰਤੀ ਜਾਵੇਗੀ ਅਤੇ ਉਨ੍ਹਾਂ ਵੱਲੋਂ ਡਰੱਗ ਮਨੀ ਰਾਹੀਂ ਬਣਾਈਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਸ ਵੱਲੋਂ ਹੁਣ ਤੱਕ 25 ਕਰੋੜ ਤੋਂ ਵੱਧ ਦੀ ਅਜਿਹੀ ਪ੍ਰਾਪਰਟੀ ਫਰੀਜ਼ ਕੀਤੀ ਜਾ ਚੁੱਕੀ ਹੈ। ਐੱਸ. ਐੱਸ. ਪੀ. ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਕੱਲ੍ਹ ਹੀ ਸਮਰਥ ਅਥਾਰਿਟੀ ਵੱਲੋਂ ਗੜ੍ਹਦੀਵਾਲਾ ਵਾਸੀ ਸਤਪਾਲ, ਜੋ ਐੱਨ. ਡੀ. ਪੀ. ਐੱਸ. ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ, ਦੀ 38 ਲੱਖ ਰੁਪਏ ਤੋਂ ਵੱਧ ਕੀਮਤ ਵਾਲੀ ਪ੍ਰਾਪਰਟੀ ਫਰੀਜ਼ ਕਰਨ ਦੇ ਹੁਕਮ ਪ੍ਰਾਪਤ ਹੋਏ ਹਨ, ਜਿਸ ’ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਸਾਲ 2025 ਵਿਚ ਹੁਣ ਤੱਕ 80 ਮਾਮਲੇ ਦਰਜ ਕਰਕੇ 102 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ-ਨਾਲ ਉਨ੍ਹਾਂ ਤੋਂ ਵੱਡੇ ਪੱਧਰ ’ਤੇ ਰਿਕਵਰੀ ਕੀਤੀ ਗਈ ਹੈ। ਉਨ੍ਹਾਂ ਨੇ ਨਸ਼ਾ ਸਮਗਲਰਾਂ ਅਤੇ ਨਸ਼ਿਆਂ ਦੇ ਧੰਦੇ ’ਚ ਸ਼ਾਮਲ ਲੋਕਾਂ ਨੂੰ ਸਪੱਸ਼ਟ ਚਿਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਸਖਤੀ ਨਾਲ ਨਜਿੱਠਿਆ ਜਾਵੇਗਾ ਅਤੇ ਕਿਸੇ ਵੀ ਕੀਮਤ ’ਤੇ ਕਿਸੇ ਤਰ੍ਹਾਂ ਦਾ ਲਿਹਾਜ਼ ਨਹੀਂ ਹੋਵੇਗਾ।