ਲੁਧਿਆਣਾ : ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਰਾਜਨੀਤਕ ਨੇ ਪੰਜ ਮਾਰਚ ਨੂੰ ਚੰਡੀਗੜ੍ਹ ’ਚ ਦਾਖ਼ਲੇ ਤੋਂ ਨਾਕਾਮ ਰਹਿਣ ਮਗਰੋਂ ਹੁਣ 10 ਮਾਰਚ ਨੂੰ ਸੂਬੇ ’ਚ ‘ਆਪ’ ਵਿਧਾਇਕਾਂ ਦੇ ਘਰਾਂ ਦੇ ਸਾਹਮਣੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਵੀਰਵਾਰ ਨੂੰ ਲੁਧਿਆਣਾ ’ਚ ਐੱਸਕੇਐੱਮ ਰਾਜਨੀਤਕ ਨਾਲ ਜੁੜੇ ਕਿਸਾਨਾਂ ਦੀ ਦੁਪਹਿਰ ਤਿੰਨ ਵਜੇ ਹੋਈ ਹੰਗਾਮੀ ਬੈਠਕ ’ਚ ਕੀਤਾ ਗਿਆ। ਢਾਈ ਘੰਟੇ ਚੱਲੀ ਇਸ ਬੈਠਕ ’ਚ ਡੇਢ ਦਰਜਨ ਤੋਂ ਜ਼ਿਆਦਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਤੈਅ ਕੀਤਾ ਕਿ ਕਿਸਾਨ 10 ਮਾਰਚ ਨੂੰ ਆਪ ਵਿਧਾਇਕਾਂ ਦੇ ਘਰਾਂ ਦੇ ਅੱਗੇ ਧਰਨਾ ਦੇਣਗੇ ਤੇ ਵਿਧਾਇਕਾਂ ਨੂੰ ਮੁੱਖ ਮੰਤਰੀ ਵੱਲੋਂ ਕਿਸਾਨਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਯਾਦ ਦਿਵਾਉਣਗੇ। ਇਸ ਦਿਨ ਕਿਸਾਨ ਸਵੇਰੇ 11 ਤੋਂ ਦੁਪਹਿਰ ਤਿੰਨ ਵਜੇ ਤੱਕ ਧਰਨਾ ਦੇਣਗੇ।
ਬੈਠਕ ਮਗਰੋਂ ਕਿਸਾਨ ਆਗੂ ਬਲਦੀਪ ਸਿੰਘ ਨਿਹਾਲਗੜ੍ਹ, ਹਰਿੰਦਰ ਸਿੰਘ ਲੱਖੋਵਾਲ ਤੇ ਬੂਟਾ ਸਿੰਘ ਨੇ ਕਿਹਾ ਕਿ ਉਹ 15 ਮਾਰਚ ਨੂੰ ਸਵੇਰੇ 11.30 ਵਜੇ ਚੰਡੀਗੜ੍ਹ ਦੇ ਕਿਸਾਨ ਭਵਨ ’ਚ ਮੁੱਖ ਮੰਤਰੀ ਨੂੰ ਚਰਚਾ ਲਈ ਖੁੱਲ੍ਹਾ ਸੱਦਾ ਦੇ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਕਿਸੇ ਹੋਰ ਥਾਂ ’ਤੇ ਕਿਸਾਨਾਂ ਨਾਲ ਗੱਲ ਕਰਨਾ ਚਾਹੁੰਦੇ ਹਨ ਤਾਂ ਉਹ ਉਸ ਲਈ ਵੀ ਤਿਆਰ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਕਿਸਾਨਾਂ ਦੀਆਂ ਮੰਗਾਂ ਨੂੰ ਕੇਂਦਰ ਦੀਆਂ ਦੱਸ ਕੇ ਆਪਣਾ ਪੱਲਾ ਝਾੜ ਰਹੇ ਹਨ। ਸਾਡੀਆਂ ਕਈ ਮੰਗਾਂ ਨੂੰ ਹੱਲ ਸੂਬਾ ਸਰਕਾਰ ਕਰ ਸਕਦੀ ਹੈ। ਬਾਸਮਤੀ, ਮੱਕੀ, ਆਲੂ, ਗੋਭੀ, ਮੂੰਗੀ ਨੂੰ ਐੱਮਐੱਸਪੀ ’ਤੇ ਖਰੀਦਣਾ ਪੰਜਾਬ ਨਾਲ ਹੀ ਸਬੰਧਤ ਹੈ। ਜੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਹੋਇਆ ਤਾਂ ਉਹ 15 ਮਾਰਚ ਨੂੰ ਸੰਘਰਸ਼ ਦੀ ਰੂਪਰੇਖਾ ਤੈਅ ਕਰਨਗੇ। ਇਸ ਸੰਘਰਸ਼ ਲਈ ਸੂਬੇ ਭਰ ’ਚ ਹੋਰ ਧਰਨਾ ਪ੍ਰੋਗਰਾਮ ਅਗਲੀ ਰਣਨੀਤੀ ਤੱਕ ਖਤਮ ਕਰ ਦਿੱਤੇ ਗਏ ਹਨ। ਕਿਸਾਨ ਆਗੂ ਬੂਟਾ ਸਿੰਘ ਨੇ ਕਿਹਾ ਕਿ 10 ਸਾਲਾਂ ’ਚ ਕਿਸੇ ਵੀ ਸਰਕਾਰ ਨੇ ਕਿਸਾਨਾਂ ਨੂੰ ਘਰੋਂ ਨਹੀਂ ਚੁੱਕਿਆ ਪਰ ਮੌਜੂਦਾ ਸਰਕਾਰ ਨੇ ਇਹ ਸ਼ਰਮਨਾਕ ਕਾਰਵਾਈ ਕੀਤੀ।