ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ ਦੀਆਂ ਦੋਵਾਂ ਧਿਰਾਂ ਗ਼ੈਰ-ਸਿਆਸੀ ਤੇ ਸਿਆਸੀ ਵਿਚਾਲੇ ਏਕਤਾ ਨੂੰ ਲੈ ਕੇ ਗੱਲਬਾਤ ’ਚ ਇਕ ਵਾਰ ਮੁੜ ਸਹਿਮਤੀ ਨਹੀਂ ਬਣ ਸਕੀ। ਵੀਰਵਾਰ ਨੂੰ ਚੰਡੀਗੜ੍ਹ ’ਚ ਕਿਸਾਨ ਭਵਨ ’ਚ ਹੋਈ ਬੈਠਕ ’ਚ ਦੋਵਾਂ ਧਿਰਾਂ ਦੇ ਲਗਪਗ ਦੋ ਦਰਜਨ ਤੋਂ ਵੱਧ ਅਹੁਦੇਦਾਰਾਂ ਦੀ ਬੈਠਕ ਹੋਈ। ਇਸ ਦੌਰਾਨ ਕਿਸਾਨ ਆਗੂਆਂ ਨੇ ਮੰਨਿਆ ਕਿ ਦੋਵਾਂ ਧਿਰਾਂ ’ਚ ਪੂਰੀ ਏਕਤਾ ਸੰਭਵ ਨਹੀਂ ਹੈ, ਪਰ ਕਿਸਾਨੀ ਮੁੱਦਿਆਂ ਸਬੰਧੀ ਘੱਟੋ-ਘੱਟ ਏਕਤਾ ’ਤੇ ਚਰਚਾ ਅੱਗੇ ਵੀ ਜਾਰੀ ਰਹੇਗੀ। ਬੈਠਕ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਾਰੇ ਕਿਸਾਨ ਮੋਰਚਿਆਂ ਵਿਚਾਲੇ ਮਤਭੇਦਾਂ ’ਤੇ ਚਰਚਾ ਕੀਤੀ ਗਈ ਤੇ ਉਨ੍ਹਾਂ ਨੂੰ ਨੋਟ ਕੀਤਾ ਗਿਆ, ਜਿਸ ’ਤੇ ਕਿਸਾਨ ਮੋਰਚਿਆਂ ਦੀਆਂ ਅੰਦਰੂਨੀ ਬੈਠਕਾਂ ’ਚ ਚਰਚਾ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਦੋਵੇਂ ਧਿਰਾਂ ਇਕ ਨਹੀਂ ਹੋ ਸਕਦੀਆਂ ਹਾਲਾਂਕਿ ਕਿਸਾਨੀ ਸੰਘਰਸ਼ ਨੂੰ ਲੈ ਕੇ ਇਕ ਸਾਂਝੀ ਘੱਟੋ-ਘੱਟ ਏਕਤਾ ਸੰਭਵ ਹੈ। ਐੱਸਕੇਐੱਮ ਦੀਆਂ ਕਈ ਭਾਈਵਾਲ ਪਾਰਟੀਆਂ ਤੇ ਹੋਰ ਕਿਸਾਨ ਮੋਰਚਿਆਂ ਦੇ ਕਿਸਾਨ ਆਗੂਆਂ ਵੱਲੋਂ ਇਕ-ਦੂਜੇ ਖ਼ਿਲਾਫ਼ ਜਾਰੀ ਬਿਆਨਾਂ ਦੇ ਮੁੱਦੇ ’ਤੇ ਉਗਰਾਹਾਂ ਨੇ ਕਿਹਾ ਕਿ ਬੈਠਕ ’ਚ ਵੱਖ-ਵੱਖ ਆਗੂਆਂ ਵੱਲੋਂ ਇਕ-ਦੂਜੇ ਖ਼ਿਲਾਫ਼ ਦਿੱਤੇ ਗਏ ਬਿਆਨਾਂ ਦਾ ਨੋਟਿਸ ਲਿਆ ਗਿਆ ਹੈ ਤੇ ਭਰੋਸਾ ਦਿੱਤਾ ਕਿ ਅਗਲੀ ਵਾਰ ਤੋਂ ਅਜਿਹੀ ਸਥਿਤੀ ਪੈਦਾ ਨਹੀਂ ਹੋਵੇਗੀ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਅਗਲੀ ਬੈਠਕ ’ਚ ਘੱਟੋ-ਘੱਟ ਏਕਤਾ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ’ਚ ਪੰਜ ਮਾਰਚ ਨੂੰ ਦਿੱਤੇ ਜਾਣ ਵਾਲੇ ਧਰਨੇ ਦਾ ਪ੍ਰੋਗਰਾਮ ਪਹਿਲਾਂ ਵਾਂਗ ਹੀ ਰਹੇਗਾ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ 93 ਦਿਨ ਤੋਂ ਭੁੱਖ ਹੜਤਾਲ ਕਰ ਰਹੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਖ਼ਰਾਬ ਹੋ ਰਹੀ ਹੈ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਐੱਸਕੇਐੱਮ ਨੇ ਏਕਤਾ ਲਈ ਇਕ ਪੱਤਰ ਤਿਆਰ ਕੀਤਾ ਹੈ, ਜਿਸ ’ਤੇ ਦੋਵਾਂ ਮੋਰਚਿਆਂ ਨੇ ਵਿਸਥਾਰਤ ਚਰਚਾ ਕੀਤੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਦੋਵਾਂ ਮੋਰਚਿਆਂ ’ਚ ਮੰਗਾਂ ਨੂੰ ਲੈ ਕੇ ਮਤਭੇਦ ਹੈ। ਉਨ੍ਹਾਂ ਨੇ ਸੂਬੇ ਦੀਆਂ ਔਰਤਾਂ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅੱਠ ਮਾਰਚ ਨੂੰ ਮਹਿਲਾ ਦਿਵਸ ਦੇ ਮੌਕੇ ’ਤੇ ਚੱਲ ਰਹੇ ਵਿਰੋਧ ਪ੍ਰਦਰਸ਼ਨ ’ਚ ਹਿੱਸਾ ਲੈਣ ਲਈ ਸ਼ੰਭੂ ਬਾਰਡਰ ਪੁੱਜਣ।