ਇਸਲਾਮਾਬਾਦ : ਪਾਕਿਸਤਾਨ ‘ਚ ਖੇਡੀ ਜਾ ਰਹੀ ਆਈਸੀਸੀ ਚੈਂਪੀਅਨਜ਼ ਟਰਾਫੀ ਦੌਰਾਨ ਇਸਲਾਮਿਕ ਸਟੇਟ ਦੇ ਅੱਤਵਾਦੀ ਵਿਦੇਸ਼ੀ ਨਾਗਰਿਕਾਂ ਨੂੰ ਅਗਵਾ ਕਰ ਸਕਦੇ ਹਨ। ਪਾਕਿਸਤਾਨ ਦੀ ਖੁਫੀਆ ਏਜੰਸੀਆਂ ਨੇ ਇਹ ਖਦਸ਼ਾ ਪ੍ਰਗਟਾਉਂਦੇ ਹੋਏ ਅਲਰਟ ਜਾਰੀ ਕੀਤਾ ਹੈ।
ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਖੁਫੀਆ ਬਿਊਰੋ ਨੇ ਇਸਲਾਮਿਕ ਸਟੇਟ ਖੁਰਾਸਾਨ ਸੂਬੇ (ISKP) ਤੋਂ ਸੰਭਾਵੀ ਖਤਰੇ ਬਾਰੇ ਚਿਤਾਵਨੀ ਜਾਰੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਆਈਐੱਸਕੇਪੀ ਕਥਿਤ ਤੌਰ ‘ਤੇ ਫਿਰੌਤੀ ਲਈ ਆਈਸੀਸੀ ਚੈਂਪੀਅਨਜ਼ ਟਰਾਫੀ 2025 ‘ਚ ਹਿੱਸਾ ਲੈਣ ਵਾਲੇ ਵਿਦੇਸ਼ੀਆਂ ਨੂੰ ਅਗਵਾ ਕਰਨ ਦੀ ਯੋਜਨਾ ਬਣ ਰਿਹਾ ਹੈ।
ਚੀਨੀ ਤੇ ਅਰਬ ਨਾਗਰਿਕਾਂ ਨੂੰ ਖਤਰਾ
ਅੱਤਵਾਦੀ ਸੰਗਠਨ ਖਾਸ ਤੌਰ ‘ਤੇ ਚੀਨੀ ਤੇ ਅਰਬ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਹ ਸੰਗਠਨ ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਵੱਲੋਂ ਵਰਤੀਆਂ ਜਾਣ ਵਾਲੀਆਂ ਬੰਦਰਗਾਹਾਂ, ਹਵਾਈ ਅੱਡਿਆਂ ਤੇ ਹੋਰ ਥਾਵਾਂ ਦੀ ਨਿਗਰਾਨੀ ਕਰ ਰਿਹਾ ਹੈ।
ਖੁਫੀਆ ਰਿਪੋਰਟਾਂ ਅਨੁਸਾਰ, ਆਈਐਸਕੇਪੀ ਦੇ ਅੱਤਵਾਦੀ ਵੱਖ-ਵੱਖ ਸ਼ਹਿਰਾਂ ਦੇ ਬਾਹਰੀ ਇਲਾਕਿਆਂ ‘ਚ ਸਰਗਰਮ ਹਨ। ਇਹ ਅਜਿਹੇ ਸਥਾਨਾਂ ਨੂੰ ਕਿਰਾਏ ‘ਤੇ ਲੈ ਰਹੇ ਹਨ ਜਿੱਥੇ ਕਿਸੇ ਤਰ੍ਹਾਂ ਦੀ ਨਿਗਰਾਨੀ ਨਹੀਂ ਹੈ। ਇਹ ਅਜਿਹੇ ਸਥਾਨ ਹਨ ਜਿੱਥੇ ਕੋਈ ਸੀਸੀਟੀਵੀ ਕੈਮਰੇ ਨਹੀਂ ਹਨ ਤੇ ਜਿੱਥੇ ਸਿਰਫ ਰਿਕਸ਼ਾ ਜਾਂ ਮੋਟਰਸਾਈਕਲ ਨਾਲ ਹੀ ਪਹੁੰਚਿਆ ਜਾ ਸਕਦਾ ਹੈ। ਲੋਕਾਂ ਨੂੰ ਅਗਵਾ ਕਰਨ ਤੋਂ ਬਾਅਦ ਸੁਰੱਖਿਆ ਬਲਾਂ ਦੀ ਨਜ਼ਰ ਤੋਂ ਬਚਾਉਂਦੇ ਹੋਏ ਇੱਥੇ ਲਿਆਂਦਾ ਜਾਵੇਗਾ।