ਚੰਡੀਗੜ੍ਹ : 16ਵੀਂ ਵਿਧਾਨ ਸਭਾ ਦਾ ਸੱਤਵਾਂ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਸਰਕਾਰ ਦੇ ਸਾਹਮਣੇ ਵਿਰੋਧੀ ਧਿਰ ਤੋਂ ਜ਼ਿਆਦਾ ਵੱਡੀ ਚੁਣੌਤੀ ‘ਸੈਲਫ ਗੋਲ’ ਤੋਂ ਬਚਣ ਦੀ ਹੋਵੇਗੀ। ਉੱਥੇ, ਦਿੱਲੀ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਨੂੰ ਮਿਲੀ ਹਾਰ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀ ਤਸਵੀਰ ਬਦਲਣੀ ਵੀ ਤੈਅ ਹੈ ਕਿਉਂਕਿ ਹਾਲੇ ਤੱਕ ਪੰਜਾਬ ਸਰਕਾਰ ਦਿੱਲੀ ਮਾਡਲ ਨੂੰ ਸਾਹਮਣੇ ਰੱਖ ਕੇ ਸਿਆਸਤ ਕਰਦੀ ਸੀ। ਅਜਿਹੇ ਵਿਚ ਵਿਰੋਧੀ ਸਰਕਾਰ ਨੂੰ ਦਿੱਲੀ ਮਾਡਲ ਫੇਲ੍ਹ ਹੋਣ ਨੂੰ ਲੈ ਕੇ ਘੇਰਨ ਲਈ ਤਿਆਰ ਹਨ। ਹਾਲਾਂਕਿ ਵਿਧਾਨ ਸਭਾ ਵਿਚ ਘੱਟ ਗਿਣਤੀ ਹੋਣ ਦੇ ਕਾਰਨ ਸੱਤਾਧਾਰੀ ਆਮ ਆਦਮੀ ਪਾਰਟੀ ਲਈ ਵਿਰੋਧੀ ਧਿਰ ਕੋਈ ਵੱਡੀ ਚੁਣੌਤੀ ਪੇਸ਼ ਕਰ ਸਕੇਗੀ, ਇਸ ਦੀ ਸੰਭਾਵਨਾ ਵੀ ਘੱਟ ਹੈ।
ਉੱਥੇ, ਵਿਧਾਨਸਭਾ ਦਾ ਸੈਸ਼ਨ ਕਾਂਗਰਸ ਲਈ ਬੇਹੱਦ ਅਹਿਮ ਹੋ ਸਕਦਾ ਹੈ ਕਿਉਂਕਿ ਆਲ ਇੰਡੀਆ ਕਾਂਗਰਸ ਨੇ ਵਿਰੋਧੀ ਧਿਰ ਦੇ ਆਗੂਆਂ ਨੂੰ ਸਪੱਸ਼ਟ ਕਿਹਾ ਹੈ ਕਿ ਉਹ ਜ਼ਮੀਨੀ ਪੱਧਰ ’ਤੇ ਉੱਠਣ ਵਾਲੇ ਮੁੱਦਿਆਂ ਨੂੰ ਅੱਗੇ ਰੱਖ ਕੇ ਸਰਕਾਰ ਸਾਹਮਣੇ ਚੁਣੌਤੀਆਂ ਪੇਸ਼ ਕਰੇ। ‘ਆਪ’ ਸਰਕਾਰ ਦੇ ਤਿੰਨ ਸਾਲ ਦੌਰਾਨ ਵਿਰੋਧੀ ਪਾਰਟੀ ਕਾਂਗਰਸ ਹਾਲੇ ਤੱਕ ਕੋਈ ਅਜਿਹਾ ਮੁੱਦਾ ਨਹੀਂ ਪੇਸ਼ ਕਰ ਸਕੀ, ਜੋ ਸਰਕਾਰ ਲਈ ਸਖ਼ਤ ਚੁਣੌਤੀ ਪੇਸ਼ ਕਰ ਸਕੇ। ਹਾਲਾਂਕਿ ਵਿਰੋਧੀ ਧਿਰ ਸਾਹਮਣੇ ਇਸ ਵਾਰ ਵੀ ਕਾਨੂੰਨ ਵਿਵਸਥਾ ਸਭ ਤੋਂ ਵੱਡਾ ਮੁੱਦਾ ਹੋ ਸਕਦਾ ਹੈ ਕਿਉਂਕਿ ਪਿਛਲੇ ਕੁਝ ਮਹੀਨਿਆਂ ਵਿਚ ਸੂਬੇ ਦੀਆਂ ਪੁਲਿਸ ਚੌਕੀਆਂ ਵਿਚ 10 ਤੋਂ ਵੱਧ ਧਮਾਕੇ ਹੋ ਚੁੱਕੇ ਹਨ। ਉੱਥੇ, ਡਰੱਗਜ਼ ਅਤੇ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਹਾਈ ਕੋਰਟ ਲਗਾਤਾਰ ਸਖ਼ਤ ਰੁਖ਼ ਅਪਣਾ ਰਹੀ ਹੈ। ਅਜਿਹੇ ਵਿਚ ਵਿਰੋਧੀਆਂ ਦੇ ਤਰਕਸ਼ ਵਿਚ ਇਹ ਦੋਵੇਂ ਤੀਰ ਵੀ ਹੋਣਗੇ।