ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੁੱਖਦਾਈ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਧਾਮੀ ਨੇ ਇਹ ਅਸਤੀਫਾ ਉਨ੍ਹਾਂ ਦੀ ਜੋ ਪੋਸਟ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਪਾਈ ਸੀ, ਉਸ ਤੋਂ ਬਾਅਦ ਨੈਤਿਕਤਾ ਦੇ ਆਧਾਰ ਤੇ ਦਿੱਤਾ ਹੈ। ਜਥੇਦਾਰ ਨੇ ਕਿਹਾ ਕਿ ਮੈਂ ਵੀ ਉਹਨਾਂ ਨੂੰ ਨੈਤਿਕਤਾ ਦੇ ਆਧਾਰ ‘ਤੇ ਅਪੀਲ ਕਰਦਾ ਹਾਂ ਕਿ ਉਹ ਆਪਣਾ ਅਸਤੀਫਾ ਵਾਪਸ ਲੈਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀਆਂ ਸੇਵਾਵਾਂ ਨੂੰ ਜਾਰੀ ਰੱਖਣ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਐਡਵੋਕੇਟ ਧਾਮੀ ਨੂੰ ਬੇਨਤੀ ਹੈ ਕਿ ਦੋ ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਗਾਈ ਗਈ ਜਿੰਮੇਵਾਰੀ ਨੂੰ ਨਿਭਾਉਣਦਿਆ ਹੋਇਆ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਕਰਨ ਅਤੇ ਜੋ ਜਿੰਮੇਵਾਰੀਆਂ ਉਸ ਕਮੇਟੀ ਨੂੰ ਸੌਂਪੀਆਂ ਗਈਆਂ ਹਨ, ਉਸ ਨੂੰ ਪੂਰੀਆਂ ਕਰਨ।
ਜਥੇਦਾਰ ਨੇ ਕਿਹਾ ਕਿ ਕੱਲ ਉਨ੍ਹਾਂ ਨੂੰ ਅੰਤਿ੍ਗ ਕਮੇਟੀ ਮੈਂਬਰ ਮਿਲਣ ਲਈ ਪਹੁੰਚੇ ਸਨ। ਕਮੇਟੀ ਮੈਂਬਰਾ੍ਂ ਨੇ 1925 ਐਕਟ ਦੇ ਮੁਤਾਬਕ ਸਿੰਘ ਸਾਹਿਬਾਨ, ਜਥੇਦਾਰ ਤੇ ਹਰੇਕ ਮੁਲਾਜ਼ਮ ਸੰਬੰਧੀ ਫੈਸਲਾ ਲੈਣ ਦਾ ਅਧਿਕਾਰ ਅੰਤਿ੍ੰਗ ਕਮੇਟੀ ਪਾਸ ਦੱਸਿਆ ਹੈ ਜੋ ਠੀਕ ਹੈ। ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਰਗਾ ਇਮਾਨਦਾਰ, ਸਮਰਪਿਤ ਤੇ ਚੰਗੀ ਸ਼ਖਸ਼ੀਅਤ ਵਾਲਾ ਪ੍ਰਧਾਨ ਮਿਲਣਾ ਮੁਸ਼ਕਿਲ ਹੈ। ਇਸ ਲਈ ਐਡਵੋਕੇਟ ਧਾਮੀ ਨੂੰ ਅਪੀਲ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਜਿੰਮੇਵਾਰੀ ਨੂੰ ਨਿਭਾਉਣ ਅਤੇ ਆਪਣਾ ਅਸਤੀਫਾ ਵਾਪਸ ਲੈਣ। ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ‘ਚ ਉਨ੍ਹਾਂ ਕਿਹਾ ਕਿ ਇਹ ਸਾਰਾ ਪਹਿਲੂ ਬੜਾ ਦੁਖਦਾਈ ਹੈ, ਇਹ ਨਹੀਂ ਸੀ ਹੋਣਾ ਚਾਹੀਦਾ। ਸਾਨੂੰ ਸਾਰਿਆਂ ਨੂੰ ਸੰਜਮ ਦੇ ਨਾਲ ਕੰਮ ਲੈਣਾ ਚਾਹੀਦਾ ਹੈ।