ਪਟਿਆਲਾ, 24 ਸਤੰਬਰ (ਦਲਜੀਤ ਸਿੰਘ)- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾਯਾਫਤਾ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਇਕ ਅਹਿਮ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 26 ਮਾਰਚ 2012 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦੇ ਭਰਾ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰਕੈਦ ਦੀ ਬਦਲਣ ਲਈ ਜਿਹੜੀ ਰਾਸ਼ਟਰਪਤੀ ਨੂੰ ਅਪੀਲ ਪਾਈ ਗਈ ਸੀ, ਉਸ ’ਤੇ ਗ੍ਰਹਿ ਮੰਤਰਾਲੇ ਨੇ ਪਿਛਲੇ 9 ਸਾਲ 6 ਮਹੀਨਿਆਂ ਤੋਂ ਨਾ ਤਾਂ ਕੋਈ ਫ਼ੈਸਲਾ ਕੀਤਾ ਅਤੇ ਨਾ ਹੀ ਉਸ ਨੂੰ ਰਾਸ਼ਟਰਪਤੀ ਨੂੰ ਭੇਜਿਆ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਖੁਲਾਸਾ ਆਰ. ਟੀ. ਆਈ. ਵਿੱਚ ਹੋਇਆ। ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਵੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਸ ਅਪੀਲ ’ਤੇ ਫ਼ੈਸਲਾ ਲੈਣ ਲਈ 25 ਜਨਵਰੀ 2021 ਨੂੰ ਸਖ਼ਤ ਹੁਕਮ ਦਿੱਤਾ ਗਿਆ ਸੀ ਕਿ ਇਸ ਸਬੰਧੀ 2 ਹਫ਼ਤਿਆਂ ਵਿਚ ਫ਼ੈਸਲਾ ਲਿਆ ਜਾਵੇ। ਕਮਲਦੀਪ ਕੌਰ ਨੇ ਕਿਹਾ ਕਿ 12 ਫਰਵਰੀ 2021 ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ 6 ਹਫਤਿਆਂ ਦਾ ਹੋਰ ਸਮਾਂ ਮੰਗਿਆ ਅਤੇ ਕਿਹਾ ਸੀ ਕਿ ਹੁਣ ਇਸ ਪਟੀਸ਼ਨ ’ਤੇ ਫ਼ੈਸਲਾ ਰਾਸ਼ਟਰਪਤੀ ਨੇ ਕਰਨਾ ਹੈ। 6 ਹਫ਼ਤਿਆਂ ਦਾ ਸਮਾਂ 26 ਮਾਰਚ 2021 ਨੂੰ ਪੂਰਾ ਹੋ ਗਿਆ। ਉਸ ਤੋਂ ਬਾਅਦ ਨਾ ਤਾਂ ਫ਼ੈਸਲਾ ਹੋਇਆ ਅਤੇ ਨਾ ਹੀ ਸੁਪਰੀਮ ਕੋਰਟ ’ਚ ਕੇਸ ਦੀ ਸੁਣਵਾਈ ਕੀਤੀ ਜਾ ਰਹੀ ਹੈ।
ਬੀਬੀ ਕਮਲਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਬਲਵੰਤ ਸਿੰਘ ਰਾਜੋਆਣਾ ਨੇ ਇਸ ਮਾਮਲੇ ਵਿਚ ਸੱਚ ਜਾਨਣ ਲਈ 12 ਮਈ 2021 ਨੂੰ ਰਾਸ਼ਟਰਪਤੀ ਸਕੱਤਰੇਤ ਨੂੰ ਆਰ. ਟੀ. ਆਈ. ਪਾਈ ਸੀ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਪਟੀਸ਼ਨ ਨਾਲ ਸਬੰਧਤ ਮਾਣਯੋਗ ਰਾਸ਼ਟਰਪਤੀ ਕੋਲ ਭੇਜੀ। ਇਸ ਆਰ. ਟੀ. ਆਈ. ਨੂੰ ਰਾਸ਼ਟਰਪਤੀ ਸਕੱਤਰੇਤ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਟਰਾਂਸਫਰ ਕਰ ਦਿੱਤਾ ਕਿ ਇਸ ਸਬੰਧੀ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲਾ ਹੀ ਦੇ ਸਕਦਾ ਹੈ।
ਇਸ ਤੋਂ ਬਾਅਦ 5 ਜੁਲਾਈ ਨੂੰ ਇਸ ਆਰ. ਟੀ. ਆਈ. ਦੇ ਜਵਾਬ ’ਚ ਅਪੀਲ ਰਾਸ਼ਟਰਪਤੀ ਸਕੱਤਰੇਤ ਨੂੰ ਕੀਤੀ ਕਿ ਉਹ ਸਿਰਫ ਇਹ ਜਾਣਨਾ ਚਾਹੁੰਦੇ ਹਨ ਕਿ ਇਹ ਫਾਈਲ ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਨੂੰ ਭੇਜੀ ਹੈ ਜਾਂ ਨਹੀਂ। ਜੇਕਰ ਫਾਈਲ ਭੇਜੀ ਨਹੀਂ ਤਾਂ ਫ਼ੈਸਲਾ ਕਿਵੇਂ ਹੋਵੇਗਾ। ਇਸ ਅਪੀਲ ਦੇ ਜਵਾਬ ’ਚ ਸਬੰਧਤ ਅਧਿਕਾਰੀਆਂ ਨੇ ਕਿਹਾ ਕਿ ਸਾਡੇ ਕੋਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ 10 ਅਗਸਤ ਤੱਕ ਕੇਂਦਰੀ ਗ੍ਰਹਿ ਮੰਤਰਾਲੇ ਨੇ ਫਾਈਲ ਰਾਸ਼ਟਰਪਤੀ ਕੋਲ ਭੇਜੀ ਹੀ ਨਹੀਂ। ਉਨ੍ਹਾਂ ਕਿਹਾ ਕਿ ਉਸ ਦੇ ਭਰਾ ਰਾਜੋਆਣਾ ਨੂੰ 26 ਸਾਲ ਜੇਲ੍ਹ ’ਚ ਰੱਖਣ ਤੋਂ ਬਾਅਦ ਵੀ ਫ਼ੈਸਲੇ ਲਈ ਟਾਲ-ਮਟੋਲ ਕਰਨਾ ਇਨਸਾਫ ਨਹੀਂ, ਇਨਸਾਫ ਦਾ ਕਤਲ ਹੈ।