ਅਮਰੀਕਾ ਤੋਂ ਡਿਪੋਰਟ ਹੋ ਕੇ ਪੰਜਾਬ ਪਹੁੰਚਦਿਆਂ ਹੀ ਗ੍ਰਿਫ਼ਤਾਰ ਹੋਇਆ ਪੁਲਸ ਮੁਲਾਜ਼ਮ ਦਾ ਪੁੱਤ

ਲੁਧਿਆਣਾ : ਲੁਧਿਆਣਾ ਦੇ ਸਸਰਾਲੀ ਕਲੋਨੀ ਇਲਾਕਾ ਮਿਹਰਬਾਨ ਦੇ ਰਹਿਣ ਵਾਲੇ 26 ਸਾਲਾ ਗੁਰਵਿੰਦਰ ਸਿੰਘ ਨੂੰ ਦੂਜੇ ਬੈਚ ਵਿਚ ਅਮਰੀਕਾ ਨੇ ਡਿਪੋਰਟ ਕਰ ਦਿੱਤਾ। ਡਿਪੋਰਟ ਹੋਣ ਤੋਂ ਬਾਅਦ ਜਿਵੇਂ ਹੀ ਗੁਰਵਿੰਦਰ ਪੰਜਾਬ ਪਹੁੰਚਿਆ ਤਾਂ ਉਸ ਨੂੰ ਦੇਰ ਰਾਤ ਜਮਾਲਪੁਰ ਥਾਣੇ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਸੂਤਰਾਂ ਮੁਤਾਬਕ ਗੁਰਵਿੰਦਰ ਖ਼ਿਲਾਫ ਸਨੈਚਿੰਗ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਸ ਦੇ ਪਿਤਾ ਪੰਜਾਬ ਪੁਲਸ ਦੇ ਕਾਂਸਟੇਬਲ ਹਨ। ਮੰਗਲਵਾਰ ਨੂੰ ਗੁਰਵਿੰਦਰ ਦੇ ਚਚੇਰੇ ਭਰਾ ਦਾ ਵਿਆਹ ਹੈ, ਜਿਸ ਦਾ ਹਵਾਲਾ ਦਿੰਦੇ ਹੋਏ ਪਰਿਵਾਰ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਗੁਰਵਿੰਦਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਵਿੰਦਰ ਦੇ ਅਚਾਨਕ ਡਿਪੋਰਟ ਹੋਣ ਦੀ ਖਬਰ ਨਾਲ ਉਹ ਸਦਮੇ ਵਿਚ ਹਨ ਅਤੇ ਵਿਆਹ ਸਮਾਗਮ ਵਿਚ ਕੋਈ ਅੜਚਣ ਨਾ ਪਵੇ ਇਸ ਲਈ ਹਾਲਾਤ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਅਮਰੀਕਾ ਤੋਂ ਡਿਪੋਰਟ ਹੋਏ ਗੁਰਵਿੰਦਰ ਸਿੰਘ ’ਤੇ ਲੁਧਿਆਣਾ ‘ਚ ਇਕ ਮਾਮਲਾ ਦਰਜ ਹੈ ਅਤੇ ਦੂਜਾ ਮਾਮਲਾ ਫਰੀਦਕੋਟ ਵਿਚ ਦਰਜ ਹੈ, ਜਿਸ ‘ਚ ਗੁਰਵਿੰਦਰ ਸਿੰਘ ਜ਼ਮਾਨਤ ਕਰਵਾ ਕੇ ਬਾਹਰ ਆਇਆ ਸੀ ਅਤੇ ਉਸ ਦੇ ਬਾਅਦ ਉਸ ਨੇ ਅਮਰੀਕਾ ਜਾਣ ਦੀ ਏਜੰਟ ਦੇ ਨਾਲ ਗੱਲ ਕੀਤੀ।

ਉਪਰੋਕਤ ਮਾਮਲੇ ਸਬੰਧੀ ਜਦੋਂ ਥਾਣਾ ਮੇਹਰਬਾਨ ਦੀ ਇੰਚਾਰਜ ਗੁਰਪ੍ਰੀਤ ਸਿੰਘ ਹਾਂਡਾ ਨਾਲ ਗੱਲ ਕੀਤੀ ਗਈ ਤਾਂ ਉਨਾਂ ਨੇ ਦੱਸਿਆ ਕਿ ਅੱਜ ਹੀ ਗੁਰਵਿੰਦਰ ਸਿੰਘ ਅਮਰੀਕਾ ਤੋਂ ਡਿਪੋਰਟ ਹੋ ਕੇ ਆਪਣੇ ਘਰ ਪੁੱਜਾ ਹੈ। ਉਨਾਂ ਦੱਸਿਆ ਕਿ ਗੁਰਵਿੰਦਰ ਸਿੰਘ ’ਤੇ ਦੋ ਮਾਮਲੇ ਦਰਜ ਹਨ। ਜਿਨ੍ਹਾਂ ‘ਚੋਂ ਇਕ ਮਾਮਲਾ ਲੁਧਿਆਣਾ ਦੇ ਥਾਣਾ ਜਮਾਲਪੁਰ ਵਿਚ ਅਤੇ ਦੂਜਾ ਮਾਮਲਾ ਫਰੀਦਕੋਟ ਵਿਚ ਦਰਜ ਹੈ। ਦੂਜੇ ਪਾਸੇ ਪਰਿਵਾਰ ਦਾ ਆਖਣਾ ਹੈ ਕਿ ਗੁਰਵਿੰਦਰ ਕੁਝ ਦਿਨ ਪਹਿਲਾਂ ਹੀ ਅਮਰੀਕਾ ਲਈ ਰਵਾਨਾ ਹੋਇਆ ਸੀ। ਉਸ ਨੇ ਤਿੰਨ ਮਹੀਨੇ ਉਥੇ ਰਹਿਣ ਤੋਂ ਬਾਅਦ ਟਰੈਵਲ ਏਜੰਟਾਂ ਦੇ ਇਕ ਨੈੱਟਵਰਕ ਨੂੰ 45 ਲੱਖ ਰੁਪਏ ਦਾ ਭੁਗਤਾਨ ਕੀਤਾ ਸੀ। ਪਿਤਾ ਜੋ ਪੰਜਾਬ ਪੁਲਸ ਵਿਚ ਕਾਂਸਟੇਬਲ ਹਨ ਨੇ ਆਪਣੇ ਪੁੱਤ ਦੇ ਵਿਦੇਸ਼ ਵਿਚ ਵੱਸਣ ਦੇ ਸੁਫਨੇ ਨੂੰ ਪੂਰਾ ਕਰਨ ਲਈ ਇਸ ਰਕਮ ਦਾ ਵੱਡਾ ਹਿੱਸਾ ਵਿਆਜ ‘ਤੇ ਲਿਆ ਸੀ।

ਗੁਰਵਿੰਦਰ ਦਾ ਭਰਾ ਪਹਿਲਾਂ ਹੀ ਕੈਨੇਡਾ ‘ਚ ਹੈ ਅਤੇ ਉਹ ਵੀ ਵਿਦੇਸ਼ ਜਾਣ ਦਾ ਇਛੁੱਕ ਸੀ। ਜਿਸ ਦੇ ਚੱਲਦੇ ਉਸ ਨੇ ਕਈ ਟਰੈਵਲ ਏਜੰਟਾਂ ਨਾਲ ਸੰਪਰਕ ਕੀਤਾ। ਪਰਿਵਾਰ ਨੂੰ ਸ਼ਨੀਵਾਰ ਪਤਾ ਲੱਗਾ ਕਿ ਗੁਰਵਿੰਦਰ ਨੂੰ ਨਾਜਾਇਜ਼ ਰੂਪ ਨਾਲ ਵਿਦੇਸ਼ ਵਿਚ ਦਾਖਲ ਹੋਣ ਲਈ ਅਮਰੀਕੀ ਅਧਿਕਾਰੀਆਂ ਨੇ ਹਿਰਾਸਤ ਵਿਚ ਲੈ ਲਿਆ ਹੈ। ਉਨ੍ਹਾਂ ਨੂੰ ਯਕੀਨ ਨਹੀਂ ਹੈ ਕਿ ਉਸ ਨੇ ਵਿਦੇਸ਼ ਪੁਹੰਚਣ ਲਈ ਖਤਰਨਾਕ ਡੰਕੀ ਰੂਟ ਦਾ ਸਹਾਰਾ ਲਿਆ ਹੈ।

Leave a Reply

Your email address will not be published. Required fields are marked *