ਲੁਧਿਆਣਾ : ਆਮ ਆਦਮੀ ਪਾਰਟੀ ਦੇ ਆਗੂ ਅਤੇ ਕਾਰੋਬਾਰੀ ਅਨੋਖ ਮਿੱਤਲ ਦੀ ਪਤਨੀ ਨੂੰ ਕਿਸੇ ਹੋਰ ਨੇ ਨਹੀਂ ਬਲਕਿ ਉਸਦੇ ਪਤੀ ਨੇ ਹੀ ਸੁਪਾਰੀ ਦੇ ਕੇ ਕਤਲ ਕਰਵਾਇਆ ਸੀ। ਆਪਣੇ ਪ੍ਰੇਮ ਸੰਬੰਧਾਂ ਵਿੱਚ ਰੋੜਾ ਬਣੀ ਪਤਨੀ ਲਿਪਸੀ ਨੂੰ ਆਪਣੀ ਗਰਲਫਰੈਂਡ ਅਤੇ ਸੁਪਾਰੀ ਕਿਲਰਾਂ ਨਾਲ ਮਿਲ ਕੇ ਕਾਰੋਬਾਰੀ ਅਨੋਖ ਮਿੱਤਲ ਨੇ ਸਨਿਚਰਵਾਰ ਦੇਰ ਰਾਤ ਉਸ ਦੀ ਹੱਤਿਆ ਕਰਵਾ ਦਿੱਤੀ ਸੀ। ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਵਾਉਣ ਤੋਂ ਬਾਅਦ ਅਨੋਖ ਮਿੱਤਲ ਨੇ ਇਹ ਡਰਾਮਾ ਰਚ ਦਿੱਤਾ ਸੀ ਕਿ ਉਹ ਦੇਰ ਰਾਤ ਜਦ ਰੈਸਟੋਰੈਂਟ ਤੋਂ ਖਾਣਾ ਖਾ ਕੇ ਘਰ ਵਾਪਸ ਆ ਰਹੇ ਸਨ ਤਾਂ ਕਾਰ ਸਵਾਰ ਬਦਮਾਸ਼ਾਂ ਨੇ ਉਹਨਾਂ ਉੱਪਰ ਹਮਲਾ ਕਰਕੇ ਕਾਰ ਅਤੇ ਗਹਿਣੇ ਲੁੱਟ ਲਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀ ਪਤਨੀ ਲਿਪਸੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਨਾ ਹੀ ਨਹੀਂ ਮੁਲਜ਼ਮ ਅਨੋਖ ਮਿਤਲ ਨੇ ਡਰਾਮਾ ਰਚਦੇ ਹੋਏ ਹੰਬੜਾ ਰੋਡ ਜਾਮ ਕਰਕੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ। ਪੁਲਿਸ ਦੀ ਸ਼ੱਕ ਦੀ ਸੂਈ ਸ਼ੁਰੂ ਤੋਂ ਹੀ ਅਨੋਖ ਮਿੱਤਲ ਵੱਲ ਸੀ। ਲੁਧਿਆਣਾ ਪੁਲਿਸ ਨੇ ਜਦ ਅਨੋਖ ਮਿੱਤਲ ਨੂੰ ਡਿਟੇਨ ਕਰਕੇ ਉਸ ਕੋਲੋਂ ਪੁੱਛ ਗਿੱਛ ਛ ਕੀਤੀ ਤਾਂ ਉਹ ਟੁੱਟ ਗਿਆ ।
ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮੁਲਜਮ ਅਨੋਖ ਮਿੱਤਲ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਉਸ ਦੀ ਗਰਲਫਰੈਂਡ ਅਮਰ ਨਗਰ ਦੀ ਵਾਸੀ ਪ੍ਰਤਿਕਸ਼ਾ , ਆਨੰਦਪੁਰ ਸਾਹਨੇਵਾਲ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਉਰਫ ਬੱਲੀ, ਗੁਰਦੀਪ ਸਿੰਘ ਉਰਫ ਮਾਨ, ਸੋਨੂ ਸਿੰਘ ਉਰ ਸੋਨੂ ਅਤੇ ਸਾਗਰ ਦੀਪ ਸਿੰਘ ਉਰਫ ਤੇਜ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਸਵਿਫਟ ਕਾਰ, ਆਈਟਨ ਕਾਰ ਅਤੇ ਅਸ਼ੋਕ ਮਿੱਤਲ ਦੀ ਰਿਟਜ ਕਾਰ ਵੀ ਬਰਾਮਦ ਕਰ ਲਈ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਚੋਂ ਇੱਕ ਕਿਰਪਾਨ ਵੀ ਬਰਾਮਦ ਕੀਤੀ ਹੈ। ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੇਸ ਦੇ ਮੁੱਖ ਦੋਸ਼ੀ ਢੰਡਾਰੀ ਕਲਾਂ ਦੇ ਵਾਸੀ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਗ੍ਰਿਫਤਾਰ ਕਰਨਾ ਅਜੇ ਬਾਕੀ ਹੈ। ਢਾਈ ਲੱਖ ਰੁਪਏ ਵਿੱਚ ਦਿੱਤੀ ਸੀ ਸੁਪਾਰੀ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮੁਢਲੀ ਪੜਤਾਲ ਦੇ ਦੌਰਾਨ ਸਾਹਮਣੇ ਆਇਆ ਕਿ ਅਨੋਖ ਮਿੱਤਲ ਨੇ ਆਪਣੀ ਪਤਨੀ ਨੂੰ ਕਤਲ ਕਰਵਾਉਣ ਲਈ ਢਾਈ ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ। ਇਸ ਸਬੰਧੀ ਸੁਪਾਰੀ ਦੀ ਰਕਮ 50 ਹਜ਼ਾਰ ਰੁਪਏ ਪਹਿਲੋਂ ਹੀ ਦੇ ਦਿੱਤੀ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਮੁੱਖ ਮੁਲਜਮ ਗੋਪੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਇਸ ਮਾਮਲੇ ਦੇ ਹੋਰ ਵੀ ਕਈ ਖੁਲਾਸੇ ਹੋਣਗੇ।